Montreal – ਹੈਲਥ ਕੈਨੇਡਾ ਵਲੋਂ ਹਰ ਸਿਗਰਟ ’ਤੇ ਸਿਹਤ ਸਬੰਧੀ ਚਿਤਾਵਨੀ ਛਾਪਣ ਦੇ ਲਾਜ਼ਮੀ ਕੀਤੇ ਗਏ ਨਵੇਂ ਨਿਯਮ ਭਲਕੇ ਤੋਂ ਕੈਨੇਡਾ ਭਰ ’ਚ ਲਾਗੂ ਹੋ ਜਾਣਗੇ। ਇਸ ਕਦਮ ਦੇ ਲਾਗੂ ਹੋਣ ਤੋਂ ਬਾਅਦ ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ, ਜਿਸ ਨੇ ਸ਼ਿਗਰਟਨੋਸ਼ੀ ਕਰਨ ਵਾਲਿਆਂ ਨੂੰ ਇਹ ਆਦਤ ਛੱਡਣ ’ਚ ਮਦਦ ਕਰਨ ਅਤੇ ਸੰਭਾਵਿਤ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਇਸ ਆਦਤ ਨੂੰ ਅਪਣਾਉਣ ਤੋਂ ਰੋਕਣ ਲਈ ਚੱਲ ਰਹੇ ਯਤਨਾਂ ’ਚ ਇਹ ਕਦਮ ਚੁੱਕਿਆ ਹੈ। ਕੈਨੇਡਾ ਨੇ ਲੋਕਾਂ ਨੂੰ ਸਿਗਰਟਨੋਸ਼ੀ ਤੋਂ ਰੋਕਣ ਅਤੇ ਲੋਕਾਂ ਨੂੰ ਸਿਗਰਟ ਨਾ ਪੀਣ ਲਈ ਪ੍ਰੇਰਿਤ ਕਰਨ ਲਈ ਇਸ ਸਾਲ ਉਕਤ ਨਵੇਂ ਫ਼ੈਸਲੇ ਦਾ ਐਲਾਨ ਕੀਤਾ ਸੀ।
ਇਸ ਸਬੰਧੀ ਕੈਨੇਡੀਅਨ ਕੈਂਸਰ ਸੋਸਾਇਟੀ ਦੇ ਸੀਨੀਅਰ ਨੀਤੀ ਵਿਸ਼ਲੇਸ਼ਕ, ਰੌਬ ਕਨਿੰਘਮ ਨੇ ਉਮੀਦ ਜਤਾਈ ਹੈ ਕਿ ਇਹ ਨਵੇਂ ਲੇਬਲ ਕਿਸ਼ੋਰਾਂ ਨੂੰ ਸਿਗਰਟਨੋਸ਼ੀ ਵੱਲ ਜਾਣ ਤੋਂ ਰੋਕਣਗੇ ਅਤੇ ਸਿਗਰਟ ’ਤੇ ਨਿਰਭਰ ਮਾਤਾ-ਪਿਤਾ ਨੂੰ ਇਸ ਨਾਲ ਲੜਨ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਕਿਸੇ ਦੋਸਤ ਤੋਂ ਸਿਗਰਟ ‘ਉਧਾਰ’ ਲੈ ਕੇ ਪੀਂਦੇ ਹਨ, ਇਸ ਦਾ ਇਹ ਮਤਲਬ ਹੋਵੇਗਾ ਕਿ ਉਹ ਸਿਗਰਟ ਦੇਖਣਗੇ, ਬੇਸ਼ੱਕ ਉਹ ਸਿਗਰਟ ਦੀ ਪੈਕੇਜ ਨਾ ਦੇਖਣ, ਜਿੱਥੇ ਕਿ ਆਮ ਤੌਰ ’ਤੇ ਚਿਤਾਵਨੀਆਂ ਲਿਖੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਹੋਰ ਥਾਵਾਂ ’ਤੇ ਦਰਜਨਾਂ ਅਧਿਐਨਾਂ ਨੇ ਹਰੇਕ ਸਿਗਰਟ ’ਤੇ ਚਿਤਾਵਨੀਆਂ ਛਾਪਣ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਇਆ ਹੈ।
ਦੱਸਣਯੋਗ ਹੈ ਕਿ ਬੀਤੀ 31 ਮਈ ਨੂੰ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਇਸ ਫ਼ੈਸਲੇ ਦਾ ਐਲਾਨ ਕਰਦਿਆਂ, ਤਤਕਾਲੀਨ ਸਿਹਤ ਮੰਤਰੀ ਯੌਂ ਈਵ ਡਿਉਕਲੋ ਨੇ ਕਿਹਾ ਸੀ ਕਿ ਤੰਬਾਕੂ ਦੀ ਵਰਤੋਂ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਜਨਤਕ ਸਿਹਤ ਸਮੱਸਿਆਵਾਂ ’ਚੋਂ ਇੱਕ ਹੈ ਅਤੇ ਬਿਮਾਰੀ ਤੇ ਸਮੇਂ ਤੋਂ ਪਹਿਲਾਂ ਮੌਤ ਦਾ ਵੱਡਾ ਕਾਰਨ ਹੈ। ਕੈਨੇਡਾ ’ਚ ਤੰਬਾਕੂ ਦੀ ਇਸ਼ਤਿਹਾਰਬਾਜ਼ੀ, ਪ੍ਰਚਾਰ ਅਤੇ ਸਪਾਂਸਰਸ਼ਿਪ ‘ਤੇ ਪਾਬੰਦੀ ਹੈ ਅਤੇ ਸਿਗਰਟ ਦੇ ਪੈਕ ‘ਤੇ ਚਿਤਾਵਨੀਆਂ ਸਾਲ 1972 ਤੋਂ ਹੀ ਮੌਜੂਦ ਹਨ। ਇੰਨਾ ਹੀ ਨਹੀਂ, ਸਾਲ 2001 ’ਚ ਕੈਨੇਡਾ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਸੀ, ਜਿਸ ਨੇ ਤੰਬਾਕੂ ਕੰਪਨੀਆਂ ਲਈ ਸਿਗਰੇਟ ਦੇ ਪੈਕੇਟਾਂ ਦੇ ਬਾਹਰ ਤਸਵੀਰਾਂ ਵਾਲੀਆਂ ਚਿਤਾਵਨੀਆਂ ਛਾਪਣ ਅਤੇ ਸਿਹਤ ਨੂੰ ਉਤਸ਼ਾਹਿਤ ਕਰਨ ਵਾਲੇ ਸੁਨੇਹੇ ਸ਼ਾਮਲ ਕਰਨਾ ਲਾਜ਼ਮੀ ਕੀਤਾ ਸੀ।