IND vs AUS – ਬਾਕਸਿੰਗ ਡੇ ਟੈਸਟ ‘ਚ ਨਿਤੀਸ਼ ਕੁਮਾਰ ਰੈੱਡੀ ਨੇ ਜੜਿਆ ਧਮਾਕੇਦਾਰ ਸੈਂਕੜਾ, ਸਟੇਡੀਅਮ ‘ਚ ਮੌਜੂਦ ਪਿਤਾ ਦੀਆਂ ਅੱਖਾਂ ਹੋ ਗਈਆਂ ਨਮ

Nitish Kumar Reddy

IND vs AUS – ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਬਾਰਡਰ ਗਾਵਸਕਰ ਟਰਾਫੀ 2024-25 ਦਾ ਚੌਥਾ ਮੈਚ ਮੈਲਬੌਰਨ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਬਾਕਸਿੰਗ ਡੇ ਟੈਸਟ ਮੈਚ ਦਾ ਤੀਜਾ ਦਿਨ ਯਾਨੀ ਸ਼ਨੀਵਾਰ ਹੈ। ਮੈਚ ਦਾ ਤੀਜਾ ਦਿਨ ਪੂਰੀ ਤਰ੍ਹਾਂ ਭਾਰਤ ਦੇ ਨੌਜਵਾਨ ਬੱਲੇਬਾਜ਼ ਨਿਤੀਸ਼ ਕੁਮਾਰ ਰੈੱਡੀ (Nitish Kumar Reddy) ਦੇ ਨਾਂ ਰਿਹਾ, ਜਿਸ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ।

21 ਸਾਲ ਦੇ ਨਿਤੀਸ਼ ਕੁਮਾਰ ਰੈੱਡੀ ਨੇ 173 ਗੇਂਦਾਂ ‘ਚ 10 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਸ਼ਾਨਦਾਰ ਸੈਂਕੜਾ ਲਗਾਇਆ। ਟੈਸਟ ਕ੍ਰਿਕਟ ‘ਚ ਉਨ੍ਹਾਂ ਦਾ ਪਹਿਲਾ ਸੈਂਕੜਾ ਹੈ। ਉਸ ਦੇ ਸੈਂਕੜੇ ਦੇ ਦਮ ‘ਤੇ ਭਾਰਤ ਨੇ 350 ਤੋਂ ਵੱਧ ਦਾ ਸਕੋਰ ਬਣਾ ਲਿਆ ਹੈ ਅਤੇ ਫਾਲੋਆਨ ਦਾ ਖ਼ਤਰਾ ਟਲ ਗਿਆ ਹੈ।

ਆਸਟ੍ਰੇਲੀਆ ‘ਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ਾਂ ਦੀ ਸੂਚੀ ‘ਚ ਉਹ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਨਿਤੀਸ਼ ਕੁਮਾਰ ਰੈੱਡੀ ਦੇ ਸੈਂਕੜੇ ਤੋਂ ਬਾਅਦ ਸਟੇਡੀਅਮ ‘ਚ ਮੌਜੂਦ ਉਨ੍ਹਾਂ ਦੇ ਪਿਤਾ ਭਾਵੁਕ ਨਜ਼ਰ ਆਏ।

ਇਸ ਤੋਂ ਪਹਿਲਾਂ ਬਾਰਡਰ-ਗਾਵਸਕਰ ਸੀਰੀਜ਼ ‘ਚ Nitish Kumar Reddy ਨੇ ਤਿੰਨ ਵਾਰ 40 ਪਲੱਸ ਸਕੋਰ ਬਣਾਏ ਸਨ ਪਰ ਮੈਲਬੌਰਨ ‘ਚ ਇਸ ਨੌਜਵਾਨ ਭਾਰਤੀ ਬੱਲੇਬਾਜ਼ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਸੈਂਕੜਾ ਲਗਾਇਆ। ਉਨ੍ਹਾਂ ਨੇ ਵਾਸ਼ਿੰਗਟਨ ਸੁੰਦਰ ਦੇ ਨਾਲ 127 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਟੀਮ ਇੰਡੀਆ ਨੂੰ ਮੈਲਬੋਰਨ ਟੈਸਟ ‘ਚ ਵਾਪਸੀ ਕਰਨ ‘ਚ ਮਦਦ ਮਿਲੀ।

ਭਾਰਤ ਵੱਲੋਂ ਆਸਟਰੇਲੀਆ ਵਿੱਚ ਅੱਠਵੀਂ ਵਿਕਟ ਲਈ ਇਹ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਨਿਤੀਸ਼ ਰੈੱਡੀ ਆਸਟ੍ਰੇਲੀਆ ‘ਚ ਅੱਠਵੇਂ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਵੀ ਹਨ।

ਆਸਟ੍ਰੇਲੀਆ ‘ਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼

ਸਚਿਨ ਤੇਂਦੁਲਕਰ- 18 ਸਾਲ 253 ਦਿਨ
ਰਿਸ਼ਭ ਪੰਤ- 21 ਸਾਲ 91 ਦਿਨ
ਨਿਤੀਸ਼ ਕੁਮਾਰ ਰੈਡੀ- 21 ਸਾਲ 200 ਦਿਨ
ਦੱਤੂ ਫਡਕਰ- 22 ਸਾਲ 42 ਦਿਨ
ਕੇਐਲ ਰਾਹੁਲ- 22 ਸਾਲ 265 ਦਿਨ।