Washington- ਉੱਤਰੀ ਕੋਰੀਆ ਦੇ ਦੂਜੇ ਜਾਸੂਸੀ ਉਪਗ੍ਰਹਿ ਦੀ ਲਾਂਚਿੰਗ ਫੇਲ੍ਹ ਹੋਣ ਮਗਰੋਂ ਅਮਰੀਕਾ ਨੇ ਸਖ਼ਤ ਪ੍ਰਕਿਰਿਆ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਉੱਤਰੀ ਕੋਰੀਆ ਵਲੋਂ ਜਾਸੂਸੀ ਉਪਗ੍ਰਹਿ ਦੀ ਲਾਂਚਿੰਗ ਦਾ ਯਤਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੀ ਉਲੰਘਣਾ ਹੈ।
ਇਸ ਦੇ ਨਾਲ ਹੀ ਅਮਰੀਕਾ ਨੇ ਉੱਤਰੀ ਕੋਰੀਆ ਨਾਲ ਬਿਨਾਂ ਕਿਸੇ ਸ਼ਰਤ ਤੋਂ ਗੱਲਬਾਤ ਦੀ ਮੰਗ ਕੀਤੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇੱਕ ਬਿਆਨ ਕਿਹਾ ਕਿ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਕਿਸੇ ਵੀ ਅਜਿਹੀ ਗਤੀਵਿਧੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ, ਜਿਹੜੀ ਕਿ ਭੜਕਾਉਣ ਦਾ ਕੰਮ ਕਰਦੀ ਹੈ। ਨਾਲ ਹੀ ਉਨ੍ਹਾਂ ਨੇ ਉੱਤਰੀ ਕੋਰੀਆ ਨੂੰ ਕੂਟਨੀਤੀ ’ਚ ਸ਼ਾਮਿਲ ਹੋਣ ਲਈ ਕਿਹਾ ਹੈ।
ਦੱਸ ਦਈਏ ਕਿ ਉੱਤਰੀ ਕੋਰੀਆ ਦੇ ਮੀਡੀਆ ਵਲੋਂ ਅੱਜ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਦੇਸ਼ ਦੇ ਦੂਜੇ ਜਾਸੂਸੀ ਉਪਗ੍ਰਹਿ ਦੀ ਲਾਂਚਿੰਗ ਫੇਲ੍ਹ ਹੋ ਗਈ ਹੈ। ਉੱਤਰੀ ਕੋਰੀਆ ਦਾ ਰਾਕੇਟ ਤੀਜੇ ਪੜਾਅ ਦੌਰਾਨ ਸਮੱਸਿਆ ਆਉਣ ਮਗਰੋਂ ਅਚਾਨਕ ਫੇਲ੍ਹ ਹੋ ਗਿਆ। ਹਾਲਾਂਕਿ ਉੱਤਰੀ ਕੋਰੀਆ ਦੇ ਅਧਿਕਾਰੀਆਂ ਨੇ ਅਕਤੂਬਰ ’ਚ ਮੁੜ ਤੀਜੇ ਯਤਨ ਦੀ ਕਸਮ ਖਾਧੀ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਉਨ੍ਹਾਂ ਦਾ ਪਹਿਲਾ ਯਤਨ ਅਸਫ਼ਲ ਰਿਹਾ ਸੀ।
ਪਰਮਾਣੂ ਹਥਿਆਰਾਂ ਨਾਲ ਲੈਸ ਉੱਤਰੀ ਕੋਰੀਆ ਆਪਣੇ ਪਹਿਲੇ ਫੌਜੀ ਜਾਸੂਸੀ ਉਪਗ੍ਰਹਿ ਨੂੰ ਲਾਂਚ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਹ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫੌਜੀ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਇਸ ਉਪਗ੍ਰਹਿ ਨੂੰ ਲਾਂਚ ਕਰਨਾ ਚਾਹੁੰਦਾ ਹੈ।