Site icon TV Punjab | Punjabi News Channel

ਹੁਣ ਸੇਵਾ ਕੇਂਦਰਾਂ ਰਾਹੀਂ ਮਿਲੇਗੀ ਐਨ.ਆਰ.ਆਈ. ਸੈੱਲ ਪੰਜਾਬ ਤੋਂ ਦਸਤਾਵੇਜ਼ ਤਸਦੀਕ ਕਰਵਾਉਣ ਦੀ ਸਹੂਲਤ

ਜਲੰਧਰ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਮਾਂਬੱਧ ਤਰੀਕੇ ਨਾਲ ਬਿਨਾਂ ਕਿਸੇ ਖੱਜਲ-ਖੁਆਰੀ ਦੇ ਸੇਵਾਵਾਂ ਮੁਹੱਈਆ ਕਰਵਾਉਣ ਦੀ ਲਗਾਤਾਰਤਾ ਵਿਚ ਇਕ ਹੋਰ ਪੁਲਾਂਘ ਪੁੱਟਦੇ ਹੋਏ ਹੁਣ ਐਨ.ਆਰ.ਆਈ. ਸੈੱਲ, ਪੰਜਾਬ ਤੋਂ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਸਬੰਧੀ ਸੇਵਾ ਨੂੰ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸਰਵਿਸ ਨੂੰ ਸੇਵਾਂ ਕੇਂਦਰਾਂ ਨਾਲ ਜੋੜ ਦੇਣ ਸਦਕਾ ਹੁਣ ਕਿਸੇ ਨੂੰ ਵੀ ਚੰਡੀਗੜ੍ਹ ਦਫ਼ਤਰ ਵਿਚ ਆਪ ਜਾ ਕੇ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਦੀ ਲੋੜ ਨਹੀਂ ਸਗੋਂ ਸੇਵਾ ਕੇਂਦਰ ਵਿਚ ਆਪਣੇ ਦਸਤਾਵੇਜ਼ ਜਮ੍ਹਾ ਕਰਵਾ ਕੇ ਰਸੀਦ ਪ੍ਰਾਪਤ ਕਰਨੀ ਹੈ।

ਬਾਕੀ ਸਾਰਾ ਕੰਮ ਜਿਵੇਂ ਦਸਤਾਵੇਜ਼ ਚੰਡੀਗੜ੍ਹ ਪਹੁੰਚਾਉਣਾ, ਤਸਦੀਕ ਉਪਰੰਤ ਵਾਪਸ ਆਦਿ ਲੈ ਕੇ ਆਉਣ ਦੀ ਜ਼ਿੰਮੇਵਾਰੀ ਸੇਵਾ ਕੇਂਦਰਾਂ ਦੀ ਹੋਵੇਗੀ। ਸੇਵਾ ਕੇਂਦਰ ਵੱਲੋਂ ਸਬੰਧਤ ਵਿਅਕਤੀ ਦੇ ਮੋਬਾਇਲ ‘ਤੇ ਮੈਸੇਜ ਭੇਜਿਆ ਜਾਵੇਗਾ ਅਤੇ ਉਹ ਆਪਣੇ ਤਸਦੀਕਸ਼ੁਦਾ ਦਸਤਾਵੇਜ਼ ਸੇਵਾ ਕੇਂਦਰ ਤੋਂ ਪ੍ਰਾਪਤ ਕਰ ਸਕੇਗਾ। ਇਸ ਤੋਂ ਇਲਾਵਾ ਬਿਨੈਕਾਰ ਨੂੰ ਉਸ ਦੀ ਫਾਈਲ ਦੇ ਹਰ ਸਟੇਜ ਦੀ ਜਾਣਕਾਰੀ ਐਸ.ਐਮ.ਐਸ. ਰਾਹੀਂ ਮਿਲਦੀ ਰਹੇਗੀ।

ਟੀਵੀ ਪੰਜਾਬ ਬਿਊਰੋ

Exit mobile version