New York- ਨਿਊਯਾਰਕ ’ਚ ਵਾਪਰੇ ਇੱਕ ਸਕੂਲ ਬੱਸ ਹਾਦਸੇ ’ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਆਰੈਂਜ ਕਾਊਂਟੀ ਦੇ ਇੱਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਨਿਊਯਾਰਕ ਦੇ ਵਾਵਯਾਂਡਾ ਕਸਬੇ ਦੇ ਨੇੜੇ ਵਾਪਰੇ ਇਸ ਹਾਦਸੇ ’ਚ ਘੱਟੋ-ਘੱਟ 45 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਪੀੜਤਾਂ ’ਚ ਵਧੇਰੇ ਬੱਚੇ ਹਨ ਅਤੇ ਉਨ੍ਹਾਂ ਦੀ ਉਮਕ 14 ਜਾਂ 15 ਸਾਲ ਦੇ ਵਿਚਕਾਰ ਹੈ। ਪੁਲਿਸ ਨੇ ਦੱਸਆ ਕਿ ਚਾਰਟਰ ਬੱਸ ਵਿਦਿਆਰਥੀਆਂ ਨੂੰ ਲੌਂਗ ਆਈਲੈਂਡ ਤੋਂ ਇੱਕ ਬੈਂਡ ਕੈਂਪ ’ਚ ਲੈ ਜਾ ਰਹੀ ਸੀ ਜਦੋਂ ਇਹ ਸੜਕ ਤੋਂ ਉਤਰ ਕੇ ਇੱਕ ਖਾਈ ’ਚ ਡਿੱਗ ਪਈ। ਸਥਾਨਕ ਮੀਡੀਆ ਮੁਤਾਬਕ ਜ਼ਖਮੀਆਂ ’ਚੋਂ 5 ਦੀ ਹਾਲਤ ਕਾਫ਼ੀ ਗੰਭੀਰ ਹੈ।
ਇਹ ਹਾਦਸਾ ਅੰਤਰਰਾਜੀ ਹਾਈਵੇਅ 84 ’ਤੇ ਸਥਾਨਕ ਸਮੇਂ ਅਨੁਸਾਰ 13:30 ਦੇ ਆਸ-ਪਾਸ ਵਾਪਰਿਆ। ਮੌਕੇ ਦੇ ਚੱਲਦੇ ਰਾਹਤ ਅਤੇ ਬਚਾਅ ਕਾਰਜਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਬੱਸ ਉਨ੍ਹਾਂ ਛੇ ਬੱਸਾਂ ’ਚੋਂ ਇੱਕ ਸੀ, ਜਿਸ ਨੂੰ ਕਿ ਫਾਰਮਿੰਗਡੇਲ ਹਾਈ ਸਕੂਲ ਦੇ ਮਾਰਚਿੰਗ ਬੈਂਡ ਦੇ ਲਗਭਗ 300 ਵਿਦਿਆਰਥੀਆਂ ਨੂੰ ਪੈਨਸਿਲਵੇਨੀਆ ਦੇ ਗ੍ਰੀਲੇ ’ਚ ਇੱਕ ਸੰਗੀਤ ਕੈਂਪ ਵਿੱਚ ਲਿਜਾਣ ਲਈ ਕਿਰਾਏ ’ਤੇ ਲਿਆ ਗਿਆ ਸੀ।
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇੱਕ ਬਿਆਨ ’ਚ ਕਿਹਾ ਕਿ ਸਾਡੀ ਹਮਦਰਦੀ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹੈ, ਜਿਹੜੇ ਇਸ ਭਿਆਨਕ ਸਥਿਤੀ ਤੋਂ ਪ੍ਰਭਾਵਿਤ ਹੋਏ ਹਨ। ਗਵਰਨਰ ਨੇ ਕਿਹਾ ਕਿ ਉਨ੍ਹਾਂ ਵਲੋਂ ਨਿਊਯਾਰਕ ਸਟੇਟ ਪੁਲਿਸ ਅਤੇ ਹੋਮਲੈਂਡ ਸਿਕਿਓਰਿਟੀ ਅਤੇ ਐਮਰਜੈਂਸੀ ਸੇਵਾਵਾਂ ਦੇ ਡਿਵੀਜ਼ਨ ਦੇ ਕਰਮਚਾਰੀ ਨੂੰ ਮੌਕੇ ’ਤੇ ਰਾਹਤ ਅਤੇ ਬਚਾਅ ਕਾਰਜਾਂ ਲਈ ਭੇਜਿਆ ਗਿਆ ਹੈ। ਹਾਲਾਂਕਿ ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਿਊਯਾਰਕ ਪੁਲਿਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।