Ottawa- ਓਨਟਾਰੀਓ ’ਚ ਐਲੀਮੈਂਟਰੀ ਸਕੂਲ ਅਧਿਆਪਕਾਂ ਨੇ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ਼ ਓਨਟਾਰੀਓ ਵਲੋਂ ਇਸ ਦਾ ਐਲਾਨ ਕੀਤਾ ਗਿਆ। ਯੂਨੀਅਨ ਦਾ ਕਹਿਣਾ ਹੈ ਕਿ ਉਸ ਵਲੋ ਇਸ ਬਾਰੇ ’ਚ ਮੈਂਬਰਾਂ ਨੂੰ ਵੋਟ ਪਾਉਣ ਲਈ ਵੀ ਕਿਹਾ ਜਾਵੇਗਾ। ਇਸ ਸਬੰਧੀ ਯੂਨੀਅਨ ਦੀ ਸਾਲਾਨਾ ਬੈਠਕ ਮਗਰੋਂ ਪ੍ਰਧਾਨ ਕਰੇਨ ਬ੍ਰਾਊਨ ਨੇ ਕਿਹਾ ਕਿ ਵਿਸ਼ੇਸ਼ ਸਿੱਖਿਆ, ਕਲਾਸਾਂ ਦਾ ਆਕਾਰ, ਸਕੂਲਾਂ ’ਚ ਹਿੰਸਾ ਅਤੇ ਮਹਿੰਗਾਈ ਦੇ ਬਰਾਬਰ ਤਨਖ਼ਾਹ ਵਰਗੇ ਮੁੱਦਿਆਂ ਦੇ ਚੱਲਦਿਆਂ ਉਨ੍ਹਾਂ ਨੇ ਇਹ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ’ਤੇ ਸਰਕਾਰ ਨੇ ਸਾਰਥਕ ਤਰੀਕੇ ਨਾਲ ਜੁੜਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਾਡੇ ਸਾਹਮਣੇ ਅਜਿਹੇ ਪ੍ਰਸਤਾਵ ਰੱਖੇ ਹਨ, ਜਿਹੜੇ ਤਨਖ਼ਾਹ, ਲਾਭ ਅਤੇ ਕੰਮਕਾਜੀ ਹਾਲਾਤਾਂ ’ਚ ਕਟੌਤੀਆਂ ਦੇ ਬਰਾਬਰ ਹਨ। ਬ੍ਰਾਊਨ ਨੇ ਕਿਹਾ ਕਿ ਅਸੀਂ ਕਿ ਇੱਕ ਫ਼ੈਸਲਾਕੁੰਨ ਮੋੜ ’ਤੇ ਆ ਗਏ ਹਾਂ। ਉਨ੍ਹਾਂ ਕਿਹਾ, ‘‘ਈ. ਟੀ. ਐੱਫ. ਓ. ਦਾ ਸਬਰ ਖ਼ਤਮ ਹੋ ਗਿਆ ਹੈ। ਸਾਡੇ ਮੈਂਬਰਾਂ ਦਾ ਸਬਰ ਖ਼ਤਮ ਹੋ ਗਿਆ ਹੈ। ਹੁਣ ਸਾਨੂੰ ਇਸ ਸਰਕਾਰ ’ਤੇ ਦਬਾਅ ਪਾਉਣ ਦੀ ਲੋੜ ਹੈ ਕਿ ਉਹ ਮੇਜ਼ ’ਤੇ ਆਏ ਅਤੇ ਸਾਡੇ ਨਾਲ ਗੰਭੀਰਤਾ ਨਾਲ ਸੌਦੇਬਾਜ਼ੀ ਕਰੇ। ਬ੍ਰਾਊਨ ਨੇ ਕਿਹਾ ਕਿ ਈ. ਟੀ. ਐੱਫ. ਓ. ਕੇਂਦਰੀ ਹੜਤਾਲ ਵੋਟ ਲਈ ਸਤੰਬਰ ਦੇ ਮੱਧ ’ਚ ਬੈਠਕਾਂ ਦਾ ਆਯੋਜਨ ਕਰੇਗੀ। ਵੋਟਾਂ ਦੇ ਸਤੰਬਰ ਤੋਂ ਅਕਤੂਬਰ ਵਿਚਾਲੇ ਪੈਣ ਦੀ ਉਮੀਦ ਹੈ।
ਉੱਧਰ ਯੂਨੀਅਨ ਵਲੋਂ ਹੜਤਾਲ ’ਤੇ ਜਾਣ ਦੇ ਫ਼ੈਸਲੇ ਨੂੰ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫ਼ਨ ਲੇਸੇ ਨੇ ਬੇਲੋੜਾ ਅਤੇ ਅਨੁਚਿਤ ਦੱਸਿਆ ਹੈ। ਉਨ੍ਹਾਂ ਇੱਕ ਬਿਆਨ ’ਚ ਕਿਹਾ ਕਿ ਸਕੂਲਾਂ ਦੇ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਹੜਤਾਲ ਦੀ ਧਮਕੀ ਦੇਣਾ ਅਤੇ ਮਾਤਾ-ਪਿਤਾ ਤੇ ਬੱਚਿਆਂ ’ਚ ਚਿੰਤਾ ਪੈਦਾ ਕਰਨਾ ਬੇਲੋੜਾ ਅਤੇ ਅਨੁਚਿਤ ਹੈ। ਨਾਲ ਹੀ ਉਨ੍ਹਾਂ ਨੇ ਯੂਨੀਅਨ ਵਲੋਂ ਚੁੱਕੇ ਗਏ ਕਦਮਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੌਦੇ ਤੱਕ ਪਹੁੰਚਣ ਲਈ ਨਿੱਜੀ ਵਿਚੋਲਗੀ ਨੂੰ ਰੱਦ ਕਰ ਦਿੱਤਾ ਹੈ।