Toronto- ਕੈਨੇਡਾ ਭਰ ’ਚ ਕੌਮਾਂਤਰੀ ਵਿਦਿਆਰਥੀ ਲਈ ਚੱਲ ਰਹੇ ਕਿਫ਼ਾਇਤੀ ਰਿਹਾਇਸ਼ ਦੇ ਮਸਲੇ ’ਤੇ ਓਨਟਾਰੀਓ ਦੀ ਕਾਲਜਾਂ ਅਤੇ ਯੂਨੀਵਰਸਿਟੀਆਂ ਬਾਰੇ ਮੰਤਰੀ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ’ਤੇ ਕਾਲਜਾਂ, ਯੂਨੀਵਰਸਿਟੀਆਂ ਅਤੇ ਨਗਰ ਪਾਲਿਕਾਵਾਂ ਨਾਲ ਸਲਾਹ-ਮਸ਼ਵਰਾ ਕਰ ਰਹੀ ਹੈ।
ਮੰਤਰੀ ਜਿਲ ਡਨਲੌਪ ਦਾ ਕਹਿਣਾ ਹੈ ਕਿ ਉਸ ਵਲੋਂ ਖੇਤਰ ਨਾਲ ਚਰਚਾ ਕੀਤੀ ਜਾ ਰਹੀ ਹੈ ਕਿ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਕੈਂਪਸ ਅੰਦਰ ਅਤੇ ਬਾਹਰ ਵਿਦਿਆਰਥੀਆਂ ਲਈ ਕਿਫਾਇਤੀ ਰਿਹਾਇਸ਼ ਬਣਾਉਣ ’ਚ ਰੁਕਾਵਟਾਂ ਨੂੰ ਕਿਵੇਂ ਦੂਰ ਕੀਤਾ ਜਾਵੇ ਅਤੇ ਇਸ ਸਾਲ ਸਰਦੀਆਂ ’ਚ ਇਸ ਮੁੱਦੇ ’ਤੇ ਨਗਰਪਾਲਿਕਾਵਾਂ, ਪ੍ਰਾਈਵੇਟ ਕੈਰੀਅਰ ਕਾਲਜ ਅਤੇ ਬਿਲਡਰ ਨਾਲ ਬੈਠਕ ਕੀਤੀ ਜਾਵੇਗੀ।
ਓਟਾਵਾ-ਅਧਾਰਤ ਥਿੰਕ ਟੈਂਕ ਯੂਨੀਵਰਸਿਟੀ ਦੀ ਇੱਕ ਤਾਜ਼ਾ ਰਿਪੋਰਟ ’ਚ ਇਹ ਸਾਹਮਣੇ ਆਇਆ ਹੈ ਕਿ ਓਨਟਾਰੀਓ ਯੂਨੀਵਰਸਿਟੀਆਂ ਨੇ 2014-15 ਅਤੇ 2021-22 ਦਰਮਿਆਨ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਲਗਭਗ ਦੁੱਗਣਾ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਕਾਲਜਾਂ ਵਲੋਂ ਇਸ ਅੰਕੜੇ ਨੂੰ ਤਿੰਨ ਗੁਣਾ ਕਰ ਦਿੱਤਾ ਹੈ। ਬੇਸ਼ੱਕ ਸੂਬੇ ’ਚ ਬਾਹਰੋਂ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਪਰ ਉਨ੍ਹਾਂ ਲਈ ਕਿਫ਼ਾਇਤੀ ਰਿਹਾਇਸ਼ਾਂ ਦੇ ਨਿਰਮਾਣ ਨੇ ਕੋਈ ਰਫ਼ਤਾਰ ਨਹੀਂ ਫੜੀ ਹੈ।
ਇਸ ਸਾਲ ਦੇ ਸ਼ੁਰੂ ਵਿੱਚ, ਡਨਲੌਪ ਨੇ ਘੋਸ਼ਣਾ ਕੀਤੀ ਸੀ ਕਿ ਇੱਕ ਮਾਹਰ ਪੈਨਲ ਪੋਸਟ-ਸੈਕੰਡਰੀ ਸਿੱਖਿਆ ਖੇਤਰ ’ਚ ਵਿੱਤੀ ਸਥਿਰਤਾ ’ਤੇ ਗ਼ੌਰ ਕਰੇਗਾ ਅਤੇ ਅੱਜ ਉਸਨੇ ਇੱਕ ਵਿਧਾਨਕ ਕਮੇਟੀ ਨੂੰ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਉਨ੍ਹਾਂ ਦੀ ਰਿਪੋਰਟ ਆਉਣ ਦੀ ਉਮੀਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੈਨਲ ਕੌਮਾਂਤਰੀ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ਨੂੰ ਦੇਖ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀ ਦੀ ਗਿਣਤੀ ਘਟਾਉਣ ਦੇ ਹੱਕ ’ਚ ਨਹੀਂ ਹਨ, ਜਿਸ ਬਾਰੇ ਫੈਡਰਲ ਸਰਕਾਰ ਨੇ ਸੁਝਾਅ ਦਿੱਤਾ ਹੈ ਕਿ ਉਹ ਵਿਚਾਰ ਕਰ ਰਹੀ ਹੈ।