ਓਨਟਾਰੀਓ ’ਚ ਪ੍ਰਦਰਸ਼ਨਕਾਰੀਆਂ ਨੇ ਘੇਰੇ ਪ੍ਰਧਾਨ ਮੰਤਰੀ ਟਰੂਡੋ

Toronto– ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅੱਜ ਓਨਟਾਰੀਓ ਦੇ ਬੇਲੇਵਿਲੇ ’ਚ ਇੱਕ ਸਮਾਗਮ ਦੌਰਾਨ 100 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ। ਇਸ ਮਗਰੋਂ ਉਨ੍ਹਾਂ ਦੇ ਸਮਾਗਮ ਦੀ ਮਿਆਦ ਨੂੰ ਘਟਾ ਕੇ ਛੋਟਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਟਰੂਡੋ ਬੇਲੇਵਿਲੇ ਸ਼ਹਿਰ ’ਚ ਲਿਬਰਲ ਸਰਕਾਰ ਦੇ ਚਾਇਲਡ ਕੇਅਰ ਬੈਨੀਫਿਟ ਦੀ ਸੱਤਵੀਂ ਵਰ੍ਹੇਗੰਢ ਮਨਾਉਣ, ਮੇਅਰ ਨੂੰ ਮਿਲਣ ਅਤੇ ਕਿਸਾਨ ਦਾ ਬਜ਼ਾਰ ਦਾ ਦੌਰਾ ਕਰਨ ਲਈ ਆਏ ਹੋਏ ਸਨ। ਇਸ ਦੌਰਾਨ ਜਦੋਂ ਪ੍ਰਧਾਨ ਮੰਤਰੀ ਟਰੂਡੋ ਸਿਟੀ ਹਾਲ ਦੇ ਬਾਹਰ ਬਾਜ਼ਾਰ ਕੁਝ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਕੁਝ ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਟਰੰਪ ਦੇ ਝੰਡੇ ਫੜੇ ਹੋਏ ਸਨ, ਜਦਕਿ ਕਈ ਲੋਕ ਸਰਕਾਰ ਅਤੇ ਮੀਡੀਆ ਦੇ ਬਾਰੇ ’ਚ ਗ਼ਲਤ ਸ਼ਬਦ ਬੋਲ ਰਹੇ ਸਨ। ਇਨ੍ਹਾਂ ਹੀ ਨਹੀਂ, ਇਸ ਪ੍ਰਦਰਸ਼ਨ ਦੌਰਾਨ ਦੋ ਔਰਤਾਂ ਨੇ ਜਦੋਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਦਸਤੇ ਨੇ ਉਨ੍ਹਾਂ ਨੂੰ ਧੱਕਾ ਦੇ ਪਿੱਛੇ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਇੱਕ ਐੱਸ. ਯੂ. ਵੀ. ਦੇ ਕੋਲ ਖੜ੍ਹੇ ਹੋ ਕੇ ਭੀੜ ਵੱਲ ਹੱਥ ਹਿਲਾ ਰਹੇ ਸਨ ਅਤੇ ਮੁਸਕਰਾ ਰਹੇ ਸਨ।