ਭਾਰਤ ਤੋਂ ਅਮਰੀਕਾ ਭੇਜਣ ਦੇ ਨਾਂ ’ਤੇ ਮਨੁੱਖੀ ਤਸਕਰੀ ਕਰਨ ਵਾਲੇ ਸਿਮਰਨਜੀਤ ਸਿੰਘ ਨੂੰ ਅਮਰੀਕੀ ਅਦਾਲਤ ਨੇ ਕਰਾਰਿਆ ਦੋਸ਼ੀ

Washington- ਕੈਨੇਡਾ ਦੇ ਬਰੈਂਪਰਟਨ ਦੇ ਰਹਿਣ ਭਾਰਤੀ ਨਾਗਰਕਿ ਸਿਮਰਨਜੀਤ ਸਿੰਘ ਨੂੰ ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਮਨੁੱਖੀ ਤਸਕਰੀ ਲਈ ਦੋਸ਼ੀ ਮੰਨਿਆ ਹੈ। ਨਿਊਯਾਰਕ ਦੇ ਐਲਬੈਨੀ ਦੀ ਇੱਕ ਅਦਾਲਤ ’ਚ ਪੇਸ਼ੀ ਦੌਰਾਨ ਸਿਮਰਨਜੀਤ ਸਿੰਘ ਉਰਫ਼ ਸ਼ੈਲੀ ਸਿੰਘ ’ਤੇ ਛੇ ਤਸਕਰੀ ਅਤੇ 3 ਤਸਕਰੀ ਦੀ ਸਾਜ਼ਿਸ਼ ਕਰਨ ਦੋਸ਼ ਲਗਾਏ ਗਏ ਹਨ। ਸਿਮਰਨਜੀਤ ਦੇ ਇਕਬਾਲੀਆ ਬਿਆਨ ਅਨੁਸਾਰ, ਉਸ ਨੇ ਲੋਕਾਂ ਨੂੰ ਭਾਰਤ ਤੋਂ ਅਮਰੀਕਾ ਭਿਜਵਾਉਣ ਦੀ ਵਿਵਸਥਾ ਕੀਤੀ, ਜਿਸ ’ਚ ਲੋਕਾਂ ਨੂੰ ਹਵਾਈ ਜਹਾਜ਼ ਰਾਹੀਂ ਕੈਲਗਰੀ, ਟੋਰਾਂਟੋ ਅਤੇ ਮਾਂਟਰੀਆਲ ਲਿਆਂਦਾ ਗਿਆ ਸੀ ਅਤੇ ਫਿਰ ਓਨਟਾਰੀਓ ਦੇ ਕਾਰਨਵਲ ਸ਼ਹਿਰ ਭੇਜਿਆ ਗਿਆ ਸੀ। ਇਸ ਮਗਰੋਂ ਸਿਮਰਨਜੀਤ ਨੇ ਇਨ੍ਹਾਂ ਨਾਗਰਿਕਾਂ ਨੂੰ ਕਿਸ਼ਤੀ ਰਾਹੀਂ ਸੇਂਟ ਲਾਰੈਂਸ ਨਦੀ ਪਾਰ ਕਰਵਾ ਕੇ ਕੈਨੇਡਾ-ਅਮਰੀਕਾ ਸਰਹੱਦ ‘ਤੇ ਵਸੇ ਕਸਬੇ ਅਕਵੇਸਾਸਨੇ ’ਚੋਂ ਅਮਰੀਕਾ ਵਾਲੇ ਪਾਸੇ ਕੱਢ ਦਿੱਤਾ।
ਅਮਰੀਕੀ ਅਧਿਕਾਰੀਆਂ ਅਨੁਸਾਰ ਸਿਮਰਨਜੀਤ ਸਿੰਘ 1,000 ਤੋਂ ਵੱਧ ਲੋਕਾਂ ਨੂੰ ਕੈਨੇਡਾ ਰਾਹੀਂ ਅਮਰੀਕਾ ਭਿਜਵਾਣ ਦਾ ਦਾਅਵਾ ਕਰ ਚੁੱਕਾ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸਿਮਰਨਜੀਤ ਸਿੰਘ ਵਿਰੁੱਧ ਮਾਮਲੇ ਮਾਰਚ 2020 ਅਤੇ ਅਪ੍ਰੈਲ 2022 ਦੇ ਦਰਮਿਆਨ ਸੇਂਟ ਲਾਰੈਂਸ ਨਦੀ ਪਾਰ ਕਰਕੇ ਤਸਕਰੀ ਕਰਨ ਦੀਆਂ ਚਾਰ ਅਸਫ਼ਲ ਕੋਸ਼ਿਸ਼ਾਂ ਦੇ ਮਨੁੱਖੀ ਸਰੋਤਾਂ, ਫੇਸਬੁੱਕ ਸੰਦੇਸ਼ਾਂ ਅਤੇ ਨਿਗਰਾਨੀ ’ਤੇ ਅਧਾਰਿਤ ਸਨ। ਉਹ ਇੱਕ ਦਲਾਲ ਦੇ ਰੂਪ ’ਚ ਕੰਮ ਕਰਦਾ ਸੀ ਅਤੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਪਹੁੰਚਾਉਣ ਲਈ ਪ੍ਰਤੀ ਵਿਅਕਤੀ ਕੋਲੋਂ 5,000 ਡਾਲਰ ਤੋਂ ਲੈ ਕੇ 35,000 ਡਾਲਰ ਵਸੂਲਦਾ ਸੀ। ਫਿਰ ਉਹ ਸਰਹੱਦੀ ਇਲਾਕੇ ਅਕਵੇਸਾਸਨੇ ’ਚ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਇਲਾਕੇ ਚੋਂ ਸਰਹੱਦ ਪਾਰ ਲੰਘਾਉਣ ਲਈ ਪ੍ਰਤੀ ਵਿਅਕਤੀ 2,000 ਤੋਂ 3,000 ਡਾਲਰ ਦਿੰਦਾ ਸੀ। ਇਸ ਮਗਰੋਂ ਸੇਂਟ ਲਾਰੈਂਸ ਦੇ ਪਰਲੇ ਤੱਟ ‘ਤੇ ਪਹੁੰਚ ਕੇ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਵਾਹਨਾਂ ’ਚ ਬਿਠਾ ਕੇ ਨਿਊਯਾਰਕ ਦੇ ਮੋਟਲਾਂ ’ਚ ਲਿਜਾਇਆ ਜਾਂਦਾ ਸੀ। ਹਾਲਾਂਕਿ ਸਿਮਰਨਜੀਤ ਦਾ ਬੀਤੇ ਮਾਰਚ ਮਹੀਨੇ ਅਕਵੇਸਾਸਨੇ ’ਚੋਂ ਮਿਲੀਆਂ ਚਾਰ ਭਾਰਤੀਆਂ ਸਮੇਤ ਅੱਠ ਪ੍ਰਵਾਸੀਆਂ ਦੀ ਮੌਤ ਨਾਲ ਕੋਈ ਸਬੰਧ ਨਹੀਂ ਹੈ ਪਰ ਉਸ ਦੇ ਤਸਕਰੀ ਦੇ ਤਰੀਕਿਆਂ ਅਤੇ ਮਾਰੇ ਗਏ ਅੱਠ ਪ੍ਰਵਾਸੀਆਂ ਦੀ ਤਸਕਰੀ ਦੇ ਮਾਮਲੇ ’ਚ ਸਮਾਨਤਾਵਾਂ ਜ਼ਰੂਰ ਹਨ।