ਉੜੀਸਾ ਅਤੇ ਪੱਛਮੀ ਬੰਗਾਲ ਦੀਆਂ ਜ਼ਿਮਨੀ ਚੋਣਾਂ 30 ਨੂੰ

ਨਵੀਂ ਦਿੱਲੀ : ਚੋਣ ਕਮਿਸ਼ਨ ਨੇ 30 ਸਤੰਬਰ ਨੂੰ ਉੜੀਸਾ ਦੇ ਇਕ ਅਤੇ ਪੱਛਮੀ ਬੰਗਾਲ ਦੇ ਤਿੰਨ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ। ਇਸ ਵਿਚ ਭਵਾਨੀਪੁਰ ਦੀ ਸੀਟ ਵੀ ਸ਼ਾਮਲ ਹੈ, ਜਿਥੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਵੀ ਚੋਣ ਲੜ ਸਕਦੀ ਹੈ। ਵੋਟਾਂ ਦੀ ਗਿਣਤੀ 3 ਅਕਤੂਬਰ ਨੂੰ ਹੋਵੇਗੀ।

ਮਮਤਾ ਬੈਨਰਜੀ ਨੇ ਇਸ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਨੰਦੀਗ੍ਰਾਮ ਤੋਂ ਚੋਣ ਲੜਨ ਲਈ ਆਪਣੀ ਰਵਾਇਤੀ ਭਵਾਨੀਪੁਰ ਸੀਟ ਛੱਡੀ ਸੀ ਪਰ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਵਾਲੇ ਆਪਣੇ ਸਾਬਕਾ ਕਰੀਬੀ ਸਹਿਯੋਗੀ ਸੁਭੇਂਧੂ ਅਧਿਕਾਰੀ ਤੋਂ ਹਾਰ ਗਈ ਸੀ। ਅਧਿਕਾਰੀ ਹੁਣ ਪੱਛਮੀ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਨ।

ਚੋਣ ਕਮਿਸ਼ਨ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਭਵਾਨੀਪੁਰ, ਸਮਸੇਰਗੰਜ, ਜੰਗੀਰਪੁਰ (ਪੱਛਮੀ ਬੰਗਾਲ) ਅਤੇ ਪਿਪਲੀ (ਉੜੀਸਾ) ਵਿਚ 30 ਸਤੰਬਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ। ਵੋਟਾਂ ਦੀ ਗਿਣਤੀ 3 ਅਕਤੂਬਰ ਨੂੰ ਹੋਵੇਗੀ।

ਟੀਵੀ ਪੰਜਾਬ ਬਿਊਰੋ