ਲੁਧਿਆਣਾ : ਪੀ.ਏ.ਯੂ. ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਵੱਖ-ਵੱਖ ਕਲਾ ਰੂਪਾਂ ਦੀ ਪ੍ਰਦਰਸ਼ਨੀ ਸਟੂਡੈਂਟ ਹੋਮ ਵਿੱਚ ਸ਼ੁਰੂ ਹੋਈ । ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਆਯੋਜਿਤ ਕੀਤੀ ਗਈ ਇਹ ਚਾਰ ਰੋਜ਼ਾ ਕਲਾ ਪ੍ਰਦਰਸ਼ਨੀ ਯੂਨੀਵਰਸਿਟੀ ਵਿੱਚ ਪੜਨ ਵਾਲੇ ਚਿਤਰਕਾਰਾਂ, ਸ਼ਿਲਪਕਾਰਾਂ ਅਤੇ ਹੋਰ ਕਲਾਵਾਂ ਨਾਲ ਜੁੜੇ ਵਿਦਿਆਰਥੀਆਂ ਦੀਆਂ ਕਲਾਂ ਕਿਰਤਾਂ ਨੂੰ ਪ੍ਰਦਰਸ਼ਿਤ ਕਰ ਰਹੀ ਹੈ ।
ਵਿਸ਼ੇਸ਼ ਗੱਲ ਇਹ ਹੈ ਕਿ ਇਹ ਕਲਾ ਕਿਰਤਾਂ ਵਿਕਰੀ ਲਈ ਆਮ ਲੋਕਾਂ ਸਾਹਮਣੇ ਪ੍ਰਦਰਸ਼ਿਤ ਕਰ ਰਹੀ ਹੈ । ਇਸ ਦਾ ਉਦਘਾਟਨ ਨਿਰੇਦਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕੀਤਾ ।
ਉਹਨਾਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੀ.ਏ.ਯੂ. ਖੇਤੀਬਾੜੀ ਯੂਨੀਵਰਸਿਟੀ ਹੋਣ ਦੇ ਬਾਵਜੂਦ ਕਲਾ ਅਤੇ ਸੱਭਿਆਚਾਰ ਦਾ ਗੜ ਰਹੀ ਹੈ। ਉਭਰਦੇ ਕਲਾਕਾਰਾਂ ਨੂੰ ਪ੍ਰੇਰਿਤ ਕਰਨ ਵਿੱਚ ਵੀ ਪੀ.ਏ.ਯੂ. ਨੇ ਹਮੇਸ਼ਾ ਜ਼ਿਕਰਯੋਗ ਭੂਮਿਕਾ ਨਿਭਾਈ ਹੈ। ਡਾ. ਧਾਲੀਵਾਲ ਨੇ ਨਵੇਂ ਕਲਾਕਾਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਤਨਦੇਹੀ ਨਾਲ ਕਲਾ ਨਾਲ ਜੁੜੇ ਰਹਿਣ।
ਸਬਜ਼ੀਆਂ ਦੀ ਸੁਰੱਖਿਅਤ ਖੇਤੀ ਬਾਰੇ ਵੈਬੀਨਾਰ 1 ਨਵੰਬਰ ਨੂੰ
ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਵੱਲੋਂ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਅਤੇ ਨਰਸਰੀ ਦੀ ਪੈਦਾਵਾਰ ਸੰਬੰਧੀ ਵੈਬੀਨਾਰ 1 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਵੈਬੀਨਾਰ ਵਿੱਚ ਸਬਜ਼ੀਆਂ ਦੀ ਪਨੀਰੀ ਉਗਾਉਣ ਅਤੇ ਸੁਰੱਖਿਅਤ ਖੇਤੀ ਕਰਨ ਦੇ ਨਵੀਨ ਢੰਗਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ।
ਵੱਖ-ਵੱਖ ਮਾਹਿਰ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਦੀਆਂ ਸੰਭਾਵਨਾਵਾਂ, ਨਰਸਰੀ ਉਤਪਾਦਨ, ਨੀਵੀਂ ਸੁਰੰਗ ਵਿਧੀ, ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਤੋਂ ਇਲਾਵਾ ਸੁਰੱਖਿਅਤ ਖੇਤੀ ਤਕਨੀਕ ਰਾਹੀਂ ਟਮਾਟਰ, ਖੀਰੇ ਅਤੇ ਸ਼ਿਮਲਾ ਮਿਰਚ ਦੀ ਕਾਸ਼ਤ ਬਾਰੇ ਆਪਣੇ ਨੁਕਤੇ ਸਾਂਝੇ ਕਰਨਗੇ । ਸੁਰੱਖਿਅਤ ਖੇਤੀ ਕਰਨ ਵਾਲੇ ਕਿਸਾਨਾਂ ਦੇ ਤਜਰਬੇ ਸਾਂਝੇ ਕੀਤੇ ਜਾਣਗੇ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਮਾਹਿਰਾਂ ਵੱਲੋਂ ਦਿੱਤੇ ਜਾਣਗੇ।
ਟੀਵੀ ਪੰਜਾਬ ਬਿਊਰੋ