PAU ਨੇ ਗੰਨੇ ਅਤੇ ਫ਼ਲਾਂ ਦੇ ਸਿਰਕੇ ਦੀ ਤਕਨੀਕ ਦੇ ਪਸਾਰ ਲਈ ਕਰਾਰ ਕੀਤਾ

ਲੁਧਿਆਣਾ : ਪੀ.ਏ.ਯੂ. ਨੇ ਅੱਜ ਖੇਤੀ ਕਾਰੋਬਾਰ ਆਰੰਭ ਕਰਨ ਵਾਲੀ ਇਕ ਫਰਮ ਮੈਸ. ਸਰਦਾਰਾ ਆਰਗੈਨਿਕ ਫਾਰਮ ਨਾਲ ਗੰਨੇ ਅਤੇ ਫਲਾਂ ਤੋਂ ਬਣਨ ਵਾਲੇ ਸਿਰਕੇ ਦੀ ਤਕਨਾਲੋਜੀ ਦੇ ਪਸਾਰ ਲਈ ਸਮਝੌਤਾ ਕੀਤਾ । ਇਸ ਸਮਝੌਤੇ ਉੱਪਰ ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸਬੰਧਿਤ ਫਰਮ ਵੱਲੋਂ ਸ੍ਰੀ ਤਿਸਜੋਤ ਸਿੰਘ ਔਜਲਾ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ। ਪੀ.ਏ.ਯੂ. ਦੇ ਮਾਇਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਅਤੇ ਇਸ ਤਕਨੀਕ ਦੇ ਤਕਨੀਕੀ ਮਾਹਿਰ ਡਾ. ਜੀ ਐੱਸ ਕੋਚਰ ਨੇ ਕਿਹਾ ਕਿ ਪੀ.ਏ.ਯੂ. ਨੇ ਫਰਮੈਂਟਡ ਸਿਰਕੇ ਦੀ ਖੋਜ ਸੰਬੰਧੀ ਕਾਫੀ ਕੰਮ ਕੀਤਾ ਹੈ ।

ਇਸੇ ਲੜੀ ਵਿਚ ਗੰਨੇ, ਅਮਰੂਦ, ਜਾਮਣ ਅਤੇ ਸੇਬ ਦੇ ਫਰਮੈਂਟਡ ਸਿਰਕੇ ਦੀਆਂ ਤਕਨਾਲੋਜੀਆਂ ਦੀ ਖੋਜ ਸਾਹਮਣੇ ਆਈ ਹੈ ਜੋ ਸਿਫ਼ਾਰਸ਼ ਕੀਤੀ ਗਈ ਹੈ । ਉਹਨਾਂ ਕਿਹਾ ਕਿ ਇਸ ਸਬੰਧੀ ਖੋਜ ਦਾ ਉਦੇਸ਼ ਰਵਾਇਤੀ ਫਲਾਂ ਤੋਂ ਕੁਦਰਤੀ ਸਿਰਕੇ ਬਨਾਉਣ ਦੀ ਤਕਨੀਕ ਨਾਲ ਬਾਗਬਾਨੀ ਫਸਲਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਦੇ ਨਾਲ-ਨਾਲ ਪੋਸ਼ਣ ਦੇ ਖੇਤਰ ਵਿਚ ਕਾਰਜ ਕਰਨਾ ਹੈ।

ਬਾਗਬਾਨੀ ਅਤੇ ਭੋਜਨ ਵਿਗਿਆਨ ਬਾਰੇ ਅਪਰ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਬਜ਼ਾਰ ਵਿਚ ਵਿਕਦੇ ਸਿੰਥੈਟਿਕ ਸਿਰਕੇ ਦੇ ਮੁਕਾਬਲੇ ਕੁਦਰਤੀ ਸਿਰਕੇ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਸਿਹਤ ਅਤੇ ਪੋਸ਼ਣ ਸਬੰਧੀ ਜਾਗਰੂਕਤਾ ਪੈਦਾ ਹੋ ਸਕੇ । ਉਹਨਾਂ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ ਫਲਾਂ ਦੇ ਕੁਦਰਤੀ ਸਿਰਕੇ ਦੀ ਤਕਨੀਕ ਦੇ ਪਸਾਰ ਲਈ 7 ਸਮਝੌਤੇ ਕੀਤੇ ਹਨ ।

ਇਸ ਮੌਕੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਜਿੰਦਰ ਸਿੰਘ ਅਤੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਡਾ. ਅਮਰਜੀਤ ਕੌਰ ਅਤੇ ਸ੍ਰੀ ਕੁਲਵੰਤ ਸਿੰਘ ਔਜਲਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪੀ.ਏ.ਯੂ. ਨੇ ਹੁਣ ਤੱਕ 67 ਤਕਨਾਲੋਜੀਆਂ ਦੇ ਪਸਾਰ ਲਈ 266 ਸੰਧੀਆਂ ‘ਤੇ ਸਹੀ ਪਾਈ ਹੈ।

ਟੀਵੀ ਪੰਜਾਬ ਬਿਊਰੋ