ਲੁਧਿਆਣਾ : ਪੀ.ਏ.ਯੂ. ਦਾ ਯੁਵਕ ਮੇਲਾ ਅੱਜ ਬੇਹੱਦ ਸਾਦਗੀ ਨਾਲ ਆਰੰਭ ਹੋਇਆ । ਇਸ ਵਾਰ ਕੋਵਿਡ ਕਾਰਨ ਇਹ ਮੇਲਾ ਆਨਲਾਈਨ ਕਰਵਾਇਆ ਜਾ ਰਿਹਾ ਹੈ । ਇਸ ਮੇਲੇ ਦਾ ਉਦਘਾਟਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕੀਤਾ ।
ਡਾ. ਧਾਲੀਵਾਲ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਅਕਾਦਮਿਕ ਪੜਾਈ ਦੇ ਨਾਲ-ਨਾਲ ਯੁਵਕ ਮੇਲੇ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਵਿਕਾਸ ਵਿਚ ਭਰਪੂਰ ਯੋਗਦਾਨ ਪਾਉਂਦੇ ਹਨ ।
ਉਹਨਾਂ ਨੇ ਵਿਦਿਆਰਥੀਆਂ ਨੂੰ ਜਿੱਤ ਹਾਰ ਦੀ ਭਾਵਨਾ ਤੋਂ ਉਪਰ ਉਠ ਕੇ ਅਨੁਸਾਸ਼ਨ ਨਾਲ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਦੀ ਸਿਰਜਣ ਸ਼ਕਤੀ ਦੇ ਪ੍ਰਦਰਸ਼ਨ ਦਾ ਪਲੇਟਫਾਰਮ ਹਨ ।
ਡਾ. ਧਾਲੀਵਾਲ ਨੇ ਕਿਹਾ ਕਿ ਭਾਵੇਂ ਕੋਵਿਡ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਮੇਲੇ ਆਨਲਾਈਨ ਕਰਵਾਏ ਜਾ ਰਹੇ ਹਨ ਪਰ ਇਸਦੇ ਬਾਵਜੂਦ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਉਤਸ਼ਾਹ ਦੇਖ ਕੇ ਉਹਨਾਂ ਨੂੰ ਬੇਹੱਦ ਖੁਸ਼ੀ ਹੈ ।
ਅੱਜ ਹੋਏ ਮੁਕਾਬਲਿਆਂ ਵਿਚ ਪੋਸਟਰ ਮੇਕਿੰਗ, ਕਲੇਅ ਮਾਡਲਿੰਗ ਅਤੇ ਸਿਰਜਣਾਤਮਕ ਲੇਖਣ ਦੇ ਲਾਈਵ ਮੁਕਾਬਲੇ ਹੋਏ । ਇਹਨਾਂ ਤੋਂ ਇਲਾਵਾ ਲੋਕ ਗੀਤ ਅਤੇ ਲੰਮੀ ਹੇਕ ਵਾਲੇ ਗੀਤਾਂ ਦੇ ਮੁਕਾਬਲਿਆ ਦੇ ਵੀਡੀਓ ਜਮਾਂ ਕਰਵਾਏ ਗਏ ਸਨ ।
ਅੱਜ ਦੇ ਮੁਕਾਬਲਿਆਂ ‘ਚੋਂ ਲੋਕਗੀਤ ਵਿਚ ਖੇਤੀ ਇੰਜਨੀਅਰਿੰਗ ਕਾਲਜ ਦੇ ਨਵਜੋਤ ਸਿੰਘ ਨੂੰ ਪਹਿਲਾ, ਕਮਿਊਨਟੀ ਸਾਇੰਸ ਕਾਲਜ ਦੀ ਹਰਵਿੰਦਰ ਕੌਰ ਨੂੰ ਦੂਜਾ ਅਤੇ ਖੇਤੀਬਾੜੀ ਕਾਲਜ ਦੇ ਲਵਪ੍ਰੀਤ ਸਿੰਘ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ।
ਟੀਵੀ ਪੰਜਾਬ ਬਿਊਰੋ