ਗੁਰਦਾਸਪੁਰ : ਪੀ.ਏ.ਯੂ. ਦੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਅੱਜ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦਾ ਇੱਕ ਰੋਜ਼ਾ ਵਰਚੁਅਲ ਕਿਸਾਨ ਮੇਲਾ ਸਿਰੇ ਚੜਿਆ । ਇਸ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਿਫਟ ਦੇ ਨਿਰਦੇਸ਼ਕ ਸ੍ਰੀ ਡਾ. ਨਚਿਕੇਤ ਕੋਤਵਾਲੀਵਾਲਾ ਸਨ। ਡਾ. ਨਚਿਕੇਤ ਨੇ ਇਸ ਮੌਕੇ ਪੀ.ਏ.ਯੂ. ਨੂੰ ਭਾਰਤ ਦੀ ਸਭ ਤੋਂ ਵਧੀਆ ਖੇਤੀ ਯੂਨੀਵਰਸਿਟੀ ਕਿਹਾ ਅਤੇ ਉਹਨਾਂ ਕਿਹਾ ਕਿ ਇਸ ਯੂਨੀਵਰਸਿਟੀ ਦਾ ਇਤਿਹਾਸ ਵਿਚ ਵਿਸ਼ੇਸ਼ ਦਰਜਾ ਹੈ। ਸਮੇਂ-ਸਮੇਂ ਪੀ.ਏ.ਯੂ. ਨੂੰ ਪ੍ਰਾਪਤ ਹੋਏ ਵੱਖ-ਵੱਖ ਐਵਾਰਡਾਂ ਦਾ ਜ਼ਿਕਰ ਕਰਦਅਿਾਂ ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਆਪਣੀ ਇਸ ਸ੍ਰੇਸ਼ਠਤਾ ਨੂੰ ਸਾਬਿਤ ਕੀਤਾ ਹੈ।
ਉਹਨਾਂ ਕਿਹਾ ਕਿ ਕਿਸਾਨ ਦੀ ਸਫਲਤਾ ਇਹਨਾਂ ਐਵਾਰਡਾਂ ਨੂੰ ਹੋਰ ਸਾਰਥਕ ਸਾਬਿਤ ਕਰ ਸਕੇਗੀ ਇਸ ਲਈ ਯੂਨੀਵਰਸਿਟੀ ਦਾ ਪੂਰਾ ਧਿਆਨ ਕਿਸਾਨ ਨੂੰ ਆਰਥਿਕ ਤੌਰ ਤੇ ਕਾਮਯਾਬ ਵੱਲ ਕਰਨ ਵੱਲ ਹੈ। ਡਾ. ਨਚਿਕੇਤ ਨੇ ਕਿਹਾ ਕਿ ਅੱਜ ਉਤਪਾਦਨ ਦੇ ਨਾਲ-ਨਾਲ ਸਥਿਰ ਅਤੇ ਮੁਨਾਫ਼ੇ ਵਾਲੀ ਖੇਤੀ ਦਾ ਯੁੱਗ ਆ ਰਿਹਾ ਹੈ ਇਸਲਈ ਕਣਕ-ਝੋਨੇ ਦੇ ਨਾਲ-ਨਾਲ ਫਸਲੀ ਵਿਭਿੰਨਤਾ ਅਤੇ ਮੰਡੀ ਦੀ ਮੰਗ ਮੁਤਾਬਿਕ ਨਵੀਆਂ ਕਿਸਮਾਂ ਦਾ ਉਤਪਾਦਨ ਕਰਨਾ ਸਮੇਂ ਦੀ ਲੋੜ ਹੈ। ਡਾ. ਨਚਿਕੇਤ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਮਿਕਦਾਰ ਵਜੋਂ ਦੇਸ਼ ਨੂੰ ਅਨਾਜ ਦਿੱਤਾ ਅਤੇ ਹੁਣ ਮਿਆਰ ਪੱਖੋਂ ਅਗਵਾਈ ਕਰਨ ਦੀ ਲੋੜ ਹੈ।
ਉਹਨਾ ਕਿਹਾ ਕਿ ਅੱਜ ਪੌਣ-ਪਾਣੀ ਵਿਚ ਆ ਰਹੀਆਂ ਤਬਦੀਲੀਆਂ ਖੇਤੀ ਖੇਤਰ ਦੀ ਸਭ ਤੋਂ ਵੱਡੀ ਚੁਣੌਤੀ ਹਨ। ਇਹਨਾਂ ਦੇ ਅਨੁਸਾਰ ਹੀ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਹੋਰ ਅਗਾਂਹਵਧੂ ਹੋ ਕੇ ਸੋਚਣਾ ਹੋਵੇਗਾ ਤਾਂ ਹੀ ਕੁਦਰਤੀ ਸਰੋਤ ਅਤੇ ਵਸੋਂ ਦੀਆਂ ਅਨਾਜ ਦੀਆਂ ਲੋੜਾਂ ਵਿਚ ਸੰਤੁਲਨ ਕਾਇਮ ਰਹਿ ਸਕੇਗਾ। ਉਹਨਾਂ ਕਿਹਾ ਕਿ ਵਢਾਈ ਤੋਂ ਬਾਅਦ ਫਸਲਾਂ ਅਤੇ ਬਾਗਬਾਨੀ ਉਤਪਾਦਾਂ ਦੇ ਪ੍ਰਬੰਧਨ ਬਾਰੇ ਨਵੇਂ ਤਰੀਕੇ ਨਾਲ ਸੋਚਣਾ ਪਵੇਗਾ ਤਾਂ ਹੀ ਨੁਕਸਾਨ ਤੋਂ ਬਚਾ ਕੇ ਵੱਧ ਮੁਨਾਫ਼ਾ ਕਮਾਇਆ ਜਾ ਸਕੇਗਾ।
ਇਸ ਤੋਂ ਇਲਾਵਾ ਉਤਪਾਦਨ ਦੇ ਨੁਕਸਾਨ ਨੂੰ ਘੱਟ ਕਰਨ ਲਈ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਬਾਰੇ ਹੋਰ ਕੰਮ ਕੀਤਾ ਜਾਣਾ ਚਾਹੀਦਾ ਹੈ। ਇਸ ਖੇਤਰ ਵਿਚ ਯੂਨੀਵਰਸਿਟੀ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਅਤੇ ਹੋਰ ਕਾਰਜਾਂ ਦੀ ਵੀ ਡਾ. ਨਚਿਕੇਤ ਨੇ ਪ੍ਰਸ਼ੰਸਾ ਕੀਤੀ। ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਖੋਜ ਗਤੀਵਿਧੀਆਂ ਸਾਂਝੀਆਂ ਕੀਤੀਆਂ । ਉਹਨਾਂ ਨੇ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਦੇ ਨਾਲ-ਨਾਲ ਮਸ਼ੀਨਰੀ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਦੱਸੀਆਂ ।
ਕਣਕ ਦੀਆਂ ਨਵੀਆਂ ਕਿਸਮਾਂ ਪੀ.ਬੀ.ਡਬਲਯੂ-869, ਪੀ.ਬੀ.ਡਬਲਯੂ-824 ਅਤੇ ਬਰਸੀਮ ਦੀ ਨਵੀਂ ਕਿਸਮ ਬੀ ਐੱਲ-44 ਦੇ ਨਾਲ ਜਵੀ ਦੀ ਨਵੀਂ ਕਿਸਮ ਓ ਐੱਲ-15 ਅਤੇ ਚਾਰੇ ਵਾਲੀਆਂ ਕਿਸਮਾਂ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਸਬਜ਼ੀਆਂ ਵਿਚ ਗਾਜਰਾਂ ਦੀਆਂ ਨਵੀਆਂ ਕਿਸਮਾਂ, ਖਰਬੂਜ਼ੇ ਵਿਚ ਪੰਜਾਬ ਸਾਰਦਾ ਅਤੇ ਖੀਰੇ ਦੀ ਨਵੀਂ ਕਿਸਮ ਪੀ ਕੇ ਐੱਚ-11 ਦਾ ਜ਼ਿਕਰ ਕੀਤਾ। ਇਸ ਤੋਂ ਬਿਨਾਂ ਪੰਜਾਬ ਡੇਕ-1 ਅਤੇ ਪੰਜਾਬ ਡੇਕ-2 ਦਾ ਜ਼ਿਕਰ ਖੇਤੀ ਜੰਗਲਾਤ ਦੇ ਪੱਖ ਤੋਂ ਕੀਤਾ ਗਿਆ।
ਖੇਤੀ ਮਸ਼ੀਨਰੀ ਵਿੱਚ ਡਾ. ਬੈਂਸ ਨੇ ਪੀ.ਏ.ਯੂ. ਸਮਾਰਟ ਸੀਡਰ ਦੀ ਸਿਫ਼ਾਰਸ਼ ਸਾਹਮਣੇ ਲਿਆਂਦੀ ਜੋ ਪਰਾਲੀ ਦਾ ਕੁਝ ਹਿੱਸਾ ਜ਼ਮੀਨ ਵਿੱਚ ਵਾਹੁੰਦਾ ਹੈ ਅਤੇ ਬਾਕੀ ਪਰਾਲੀ ਨੂੰ ਮਲਚ ਦੇ ਤੌਰ ਤੇ ਵਿਛਾ ਦਿੰਦਾ ਹੈ । ਉਤਪਾਦਨ ਤਕਨੀਕਾਂ ਵਿਚ ਉਹਨਾਂ ਨੇ ਛੋਲਿਆਂ ਦੇ ਦਾਣਿਆਂ ਵਿਚ ਜ਼ਿੰਕ ਦਾ ਵਾਧਾ ਆਦਿ ਬਾਰੇ ਸਿਫ਼ਾਰਸ਼ਾਂ ਸਾਹਮਣੇ ਲਿਆਂਦੀਆਂ। ਇਸੇ ਤਰਾਂ ਡਾ. ਬੈਂਸ ਨੇ ਪੌਦ ਸੁਰੱਖਿਆ ਤਕਨੀਕਾਂ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੇਲੇ ਦੇ ਆਰੰਭ ਵਿਚ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਜਸਕਰਨ ਸਿੰਘ ਮਾਹਲ ਨੇ ਮੁੱਖ ਮਹਿਮਾਨ, ਮਾਹਿਰਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ।
ਉਹਨਾਂ ਕਿਹਾ ਕਿ ਇਹ ਮੇਲੇ ਹਕੀਕੀ ਮੇਲਿਆਂ ਦਾ ਬਦਲ ਨਹੀਂ। ਭਾਵੇਂ ਕੋਵਿਡ ਕਾਰਨ ਇਹ ਮੇਲੇ ਵਰਚੁਅਲ ਲੱਗ ਰਹੇ ਹਨ ਪਰ ਲੱਖਾਂ ਕਿਸਾਨਾਂ ਨੇ ਇਹਨਾਂ ਮੇਲਿਆਂ ਨਾਲ ਜੁੜ ਕੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਉੱਪਰ ਭਰੋਸਾ ਪ੍ਰਗਟਾਇਆ ਹੈ । ਉਹਨਾਂ ਆਸ ਪ੍ਰਗਟਾਈ ਕਿ ਹਾੜੀ ਦੀਆਂ ਫ਼ਸਲਾਂ ਲਈ ਇਹਨਾਂ ਮੇਲਿਆਂ ਤੋਂ ਅਗਵਾਈ ਲੈ ਕੇ ਕਿਸਾਨ ਆਪਣੀ ਖੇਤੀ ਨੂੰ ਅਗਾਂਹਵਧੂ ਦਿਸ਼ਾ ਵੱਲ ਤੋਰਨਗੇ।
ਅੰਤ ਵਿਚ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਡਾ. ਬੀ. ਐੱਸ ਢਿੱਲੋਂ ਨੇ ਸਭ ਦਾ ਧੰਨਵਾਦ ਕੀਤਾ। ਸਮੁੱਚੇ ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਇਸ ਮੇਲੇ ਵਿਚ ਕਿਸਾਨਾਂ ਲਈ ਆਨਲਾਈਨ ਵਿਚਾਰ-ਵਟਾਂਦਰਾਂ ਸ਼ੈਸਨਾਂ ਦਾ ਪ੍ਰਬੰਧ ਕੀਤਾ ਗਿਆ ਸੀ। ਹਾੜੀ ਦੀਆਂ ਫਸਲਾਂ ਲਈ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ।
ਟੀਵੀ ਪੰਜਾਬ ਬਿਊਰੋ