Site icon TV Punjab | Punjabi News Channel

PAU ਦੇ ਹਫ਼ਤਾਵਰ ਲਾਈਵ ਪ੍ਰੋਗਰਾਮ ‘ਚ ਚਲੰਤ ਖੇਤੀ ਸਰੋਕਾਰਾਂ ਬਾਰੇ ਵਿਚਾਰਾਂ

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਵੀਰਵਾਰ ਸ਼ੋਸ਼ਲ ਮੀਡੀਆ ਉੱਪਰ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਪੌਦਾ ਰੋਗ ਮਾਹਿਰ ਡਾ. ਅਮਰਜੀਤ ਸਿੰਘ ਸ਼ਾਮਿਲ ਹੋਏ। ਉਹਨਾਂ ਨੇ ਆਲੂਆਂ ਦੀਆਂ ਪ੍ਰਮੁੱਖ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।

ਆਲੂਆਂ ਦੇ ਪਿਛੇਤਾ ਝੁਲਸ ਰੋਗ ਦੇ ਲੱਛਣਾਂ ਅਤੇ ਇਸ ਦੀ ਰੋਕਥਾਮ ਦੇ ਤਰੀਕੇ ਵੀ ਕਿਸਾਨਾਂ ਨੂੰ ਦੱਸੇ ਗਏ ਇਸ ਤੋਂ ਇਲਾਵਾ ਖਰੀਂਢ ਰੋਗ, ਆਲੂਆਂ ਦਾ ਕੋਹੜ ਅਤੇ ਗੁੱਛਾ ਮੁੱਛਾ ਰੋਗ ਅਤੇ ਪੱਤਿਆਂ ਦੇ ਧੱਬਿਆਂ ਦਾ ਰੋਗ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਹੋਈ ।

ਉਹਨਾਂ ਇਹ ਵੀ ਦੱਸਿਆ ਕਿ ਰੋਗਾਂ ਦ ਸਮੱਸਿਆ ਨੂੰ ਘਟਾਉਣ ਦੇ ਤਰੀਕੇ ਕੀ ਹਨ। ਡਾ. ਸਿੰਘ ਨੇ ਉਹਨਾਂ ਉੱਲੀ ਨਾਸ਼ਕਾਂ ਦਾ ਵੀ ਜ਼ਿਕਰ ਕੀਤਾ ਜਿਨਾਂ ਦੀ ਵਰਤੋਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮਾਹਿਰ ਡਾ. ਸ਼ਿਵਾਨੀ ਸ਼ਰਮਾ ਨੇ ਖੁੰਬਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ।

ਉਹਨਾਂ ਦੱਸਿਆ ਕਿ ਖੁੰਬਾਂ ਦੀ ਮਨੁੱਖੀ ਜੀਵਨ ਵਿਚ ਬਹੁਤ ਮਹੱਤਤਾ ਹੈ ਅਤੇ ਖੁੰਬਾਂ ਵਿਚ ਬਹੁਤ ਸਾਰੇ ਖਣਿਜ ਅਤੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਖੁੰਬਾਂ ਦਾ ਕਿੱਤਾ ਸ਼ੁਰੂ ਕਰਨ ਦੀਆਂ ਲੋੜਾਂ ਅਤੇ ਸਾਜੋ-ਸਮਾਨ ਬਾਰੇ ਦੱਸਦਿਆਂ ਡਾ. ਸ਼ਰਮਾ ਨੇ ਦੱਸਿਆ ਕਿ ਵਰਤਮਾਨ ਰੁੱਤ ਵਿੱਚ ਖੁੰਬਾਂ ਦੀਆਂ ਕਿਹੜੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਖੁੰਬਾਂ ਦਾ ਬੀਜ ਯੂਨੀਵਰਸਿਟੀ ਤੋਂ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਮੱਖੀ ਪਾਲਣ ਬਾਰੇ ਸਰਦ ਰੁੱਤ ਸਕੂਲ ਲਾਉਣ ਦੀ ਮਿਲੀ ਪ੍ਰਵਾਨਗੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ 21 ਰੋਜ਼ਾ ਵਿੰਟਰ ਸਕੂਲ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ ਦੀ ਪ੍ਰਵਾਨਗੀ ਮਿਲੀ ਹੈ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਡੀ ਕੇ ਸ਼ਰਮਾ ਨੇ ਦੱਸਿਆ ਕਿ ‘ਵਪਾਰਕ ਸ਼ਹਿਦ ਮੱਖੀ ਪਾਲਣ ਰਾਹੀਂ ਪੰਜਾਬ ਦੇ ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਦੀ ਜੀਵਨ-ਸੁਰੱਖਿਆ’ ਵਿਸ਼ੇ ਤੇ ਇਹ ਸਿਖਲਾਈ ਪ੍ਰੋਗਰਾਮ ਕਰਵਾਇਆ ਜਾਵੇਗਾ ।

ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਕੀਟ ਵਿਗਿਆਨ ਵਿਭਾਗ ਨੂੰ ਇਹ ਸਿਖਲਾਈ ਪ੍ਰੋਗਰਾਮ ਕਰਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ । ਡਾ. ਸ਼ਰਮਾ ਨੇ ਦੱਸਿਆ ਕਿ ਇਸ ਸੰਬੰਧੀ ਇਕ ਤਜ਼ਵੀਜ ਕੀਟ ਵਿਗਿਆਨ ਡਾ. ਪ੍ਰਦੀਪ ਕੁਮਾਰ ਛੁਨੇਜਾ ਦੀ ਨਿਗਰਾਨੀ ਹੇਠ ਆਈ ਸੀ ਏ ਆਰ ਵਿੱਚ ਦਾਖਲ ਕੀਤੀ ਗਈ ਸੀ । ਇਸਦਾ ਉਦੇਸ਼ ਪੇਂਡੂ ਨੌਜਵਾਨਾਂ ਨੂੰ ਸ਼ਹਿਦ ਮੱਖੀ ਪਾਲਣ ਦੀ ਨਵੀਨ ਤਕਨੀਕ ਤੋਂ ਜਾਣੂੰ ਕਰਵਾ ਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਕਰਨਾ ਹੈ।

ਡਾ. ਛੁਨੇਜਾ ਜੋ ਇਸ ਕੋਰਸ ਦੇ ਨਿਰਦੇਸ਼ਕ ਹੋਣਗੇ ਉਹਨਾ ਦੱਸਿਆ ਕਿ ਪਹਿਲਾਂ ਵਿਭਾਗ ਵੱਲੋਂ ਆਈ ਸੀ ਏ ਆਰ ਦੀ ਸਹਾਇਤਾ ਨਾਲ ਤਿੰਨ 21 ਦਿਨਾਂ, ਦੋ 30 ਦਿਨਾਂ ਅਤੇ ਦੋ 10 ਦਿਨਾਂ ਸਰਦ ਰੁੱਤ ਸਕੂਲ ਸਿਖਲਾਈ ਪ੍ਰੋਗਰਾਮ ਸ਼ਹਿਦ ਮੱਖੀ ਪਾਲਣ ਲਈ ਲਗਾਏ ਗਏ ਹਨ ।

ਉਹਨਾਂ ਇਹ ਵੀ ਕਿਹਾ ਕਿ ਇਸ ਸਿਖਲਾਈ ਪੋ੍ਰਗਰਾਮ ਵਿਚ ਦੇਸ਼ ਦੇ ਮਾਹਿਰ ਵਿਗਿਆਨੀ ਸਿਖਿਆਰਥੀਆਂ ਨੂੰ ਸਿਧਾਂਤਕ ਜਾਣਕਾਰੀ ਤੋਂ ਇਲਾਵਾ ਹੱਥੀਂ ਕੰਮ ਕਰਨ ਦੀ ਵਿਹਾਰਕ ਸਿਖਲਾਈ ਨਾਲ ਜੋੜਦੇ ਹਨ । ਇਸ ਦੌਰਾਨ ਸ਼ਹਿਦ ਮੱਖੀ ਪਾਲਣ ਦੇ ਮੁੱਖ ਨੁਕਤਿਆਂ, ਬਿਮਾਰੀਆਂ, ਕੀੜਿਆਂ, ਮੱਖੀਆਂ ਦੀਆਂ ਕਿਸਮਾਂ, ਸ਼ਹਿਦ ਲਈ ਲੋੜੀਂਦੇ ਪੌਦਿਆਂ ਦੀ ਸਹੂਲਤ, ਪ੍ਰੋਸੈਸਿੰਗ ਅਤੇ ਪੈਕਿੰਗ ਤੋਂ ਇਲਾਵਾ ਰਾਣੀ ਮੱਖੀ ਰਾਹੀਂ ਬਰੀਡਿੰਗ ਅਤੇ ਸਿਖਾਇਆ ਜਾਂਦਾ ਹੈ ।

ਉਹਨਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨਵੇਂ ਸਿਖਿਆਰਥੀ ਸ਼ਹਿਦ ਮੱਖੀ ਪਾਲਣ ਦੇ ਸਮੁੱਚੇ ਰੂਪ ਵਿੱਚ ਜਾਣੂੰ ਹੋ ਕੇ ਨਿਕਲਣ। ਕੋਰਸ ਦੇ ਕੁਆਰਡੀਨੇਟਰ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ 25 ਸਿਖਿਆਰਥੀ ਹਿੱਸਾ ਲੈਣਗੇ। ਇਹ ਸਿਖਲਾਈ 8 ਤੋਂ 28 ਫਰਵਰੀ ਤੱਕ ਕਰਵਾਏ ਜਾਣ ਦੀ ਉਮੀਦ ਹੈ।

ਟੀਵੀ ਪੰਜਾਬ ਬਿਊਰੋ

Exit mobile version