ਬ੍ਰਿਟਿਸ਼ ਕੋਲੰਬੀਆ ਦੇ ਹਸਪਤਾਲਾਂ ’ਚ ਲਾਜ਼ਮੀ ਹੋਇਆ ਮਾਸਕ ਪਹਿਨਣਾ

Victoria-ਬ੍ਰਿਟਿਸ਼ ਕੋਲੰਬੀਆ ’ਚ ਇੱਕ ਵਾਰ ਫਿਰ ਮਾਸਕ ਪਹਿਨਣਾ ਲਾਜ਼ਮੀ ਹੋ ਗਿਆ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਸੂਬੇ ਦੇ ਸਾਰੇ ਹਸਪਤਾਲਾਂ, ਕਲੀਨਿਕਾਂ ਅਤੇ ਕੇਅਰ ਹੋਮਾਂ ’ਚ ਅਗਲੇ ਹਫ਼ਤੇ ਤੋਂ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ, ਕਿਉਂਕਿ ਲੋਕਾਂ ’ਚ ਸਾਹ ਨਾਲ ਸੰਬੰਧਿਤ ਬੀਮਾਰੀਆਂ ਦੇ ਮਾਮਲੇ ਵਧਣ ਲੱਗੇ ਹਨ। ਵੀਰਵਾਰ ਨੂੰ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਇਸ ਦਾ ਐਲਾਨ ਕੀਤਾ। ਸੂਬੇ ’ਚ 3 ਅਕਤੂਬਰ ਤੋਂ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਦੋਹਾਂ ਨੇ ਕਿਹਾ ਕਿ ਅਗਸਤ ਦੇ ਅੰਤ ਤੋਂ ਕੋਵਿਡ-19, ਇਨਫਲੂਐਂਜ਼ਾ ਅਤੇ ਰੈਸਪੀਰੇਟਰੀ ਸਿੰਕਾਈਟਿਅਲ ਵਾਇਰਸ (ਆਰਐਸਵੀ) ਦੇ ਮਾਮਲੇ ਹੌਲੀ-ਹੌਲੀ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ -19 ਦੇ ਮਰੀਜ਼ਾਂ ਦੇ ਹਸਪਤਾਲਾਂ ’ਚ ਦਾਖ਼ਲੇ ਅਤੇ ਮੌਤਾਂ ’ਚ ਵੀ ਇਸ ਮਹੀਨੇ ਦੌਰਾਨ ਵਾਧਾ ਹੋਇਆ ਹੈ। ਦੱਸਣਯੋਗ ਹੈ ਕਿ ਤਕਰੀਬਨ ਹਰ ਸਾਲ ਪਤਝੜ ਅਤੇ ਸਰਦੀਆਂ ਦੇ ਮੌਸਮ ’ਚ ਆਮ ਲੋਕਾਂ ’ਚ ਸਾਹ ਨਾਲ ਸੰਬੰਧਿਤ ਬਿਮਾਰੀਆਂ ’ਚ ਵਾਧਾ ਹੁੰਦਾ ਹੈ।
ਹੈਨਰੀ ਅਤੇ ਡਿਸਕ ਨੇ ਨਾਲ ਹੀ ਲੋਕਾਂ ਨੂੰ ਇਨਫਲੂਐਂਜ਼ਾ ਅਤੇ ਕੋਵਿਡ-19 ਦੇ ਵਿਰੁੱਧ ਟੀਕਾਕਰਨ ਦੀ ਅਪੀਲ ਵੀ ਕੀਤੀ ਤਾਂ ਸਮੇਂ ਸਿਰ ਅਜਿਹੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਟੀਕਿਆਂ ਬਾਰੇ ਸੱਦੇ ਅਗਲੇ ਮਹੀਨੇ ਤੋਂ ਆਉਣੇ ਸ਼ੁਰੂ ਹੋ ਜਾਣਗੇ ਅਤੇ ਗੰਭੀਰ ਬਿਮਾਰੀਆਂ ਦੇ ਜ਼ੋਖ਼ਮ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ।
ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਸਿਹਤ-ਸੰਭਾਲ ਕਰਮਚਾਰੀਆਂ ਅਤੇ ਵਿਜ਼ਟਰਾਂ ਨੂੰ ਪਿਛਲੇ ਅਪ੍ਰੈਲ ਤੋਂ ਮਾਸਕ ਨਹੀਂ ਪਹਿਨਣੇ ਪਏ ਹਨ, ਜਦੋਂ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਕਿਹਾ ਸੀ ਕਿ ਕੋਵਿਡ -19 ਦੇ ਮਾਮਲਿਆਂ ’ਚ ਇੰਨੀ ਗਿਰਾਵਟ ਆਈ ਹੈ ਕਿ ਲਾਜ਼ਮੀ ਤੌਰ ’ਤੇ ਮਾਸਕ ਪਹਿਨਣ ਦੇ ਆਦੇਸ਼ ਨੂੰ ਸੁਰੱਖਿਅਤ ਢੰਗ ਨਾਲ ਹਟਾਇਆ ਜਾ ਸਕਦਾ ਹੈ। ਹਾਲਾਂਕਿ ਉਸ ਸਮੇਂ ਉਨ੍ਹਾਂ ਨੇ ਸਲਾਹ ਦਿੱਤੀ ਸੀ ਕਿ ਪਤਝੜ ’ਚ ਇਹ ਪਾਬੰਦੀਆਂ ਮੁੜ ਲੱਗ ਸਕਦੀਆਂ ਹਨ।