ਡੈਸਕ- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਤੇਲ ਟੈਂਕ ਲੈ ਕੇ ਜਾ ਰਹੀ ਇੱਕ ਪਿਕਅੱਪ ਵੈਨ ਇੱਕ ਯਾਤਰੀ ਬੱਸ ਨਾਲ ਟਕਰਾ ਗਈ, ਜਿਸ ਕਾਰਨ ਬੱਸ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਔਰਤਾਂ, ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਜਦਕਿ 16 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਬੱਸ ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਸੀ। ਬੱਸ ਵਿੱਚ ਕਰੀਬ 40 ਲੋਕ ਸਵਾਰ ਸਨ। ਲਾਹੌਰ ਤੋਂ ਕਰੀਬ 140 ਕਿਲੋਮੀਟਰ ਦੂਰ ਫੈਸਲਾਬਾਦ ਮੋਟਰਵੇਅ ਦੇ ਪਿੰਡੀ ਭੱਟੀਆਂ ਸੈਕਸ਼ਨ ‘ਤੇ ਐਤਵਾਰ ਤੜਕੇ 4.30 ਵਜੇ ਬੱਸ ਇਕ ਵੈਨ ਨਾਲ ਟਕਰਾ ਗਈ।
ਮੋਟਰਵੇਜ਼ ਦੇ ਇੰਸਪੈਕਟਰ ਜਨਰਲ (ਆਈਜੀ) ਸੁਲਤਾਨ ਖਵਾਜਾ ਨੇ ਦੱਸਿਆ ਕਿ ਬੱਸ ਨੇ ਮੋਟਰਵੇਅ ਦੇ ਪਿੰਡੀ ਭਾਟੀਆਂ ਸੈਕਸ਼ਨ ‘ਤੇ ਇਕ ਵੈਨ, ਜੋ ਕਿ ਤੇਲ ਦੀ ਟੈਂਕੀ ਲੈ ਕੇ ਜਾ ਰਹੀ ਸੀ, ਨੂੰ ਟੱਕਰ ਮਾਰ ਦਿੱਤੀ। ਬੱਸ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵਾਂ ਗੱਡੀਆਂ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 18 ਯਾਤਰੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਝੁਲਸ ਗਏ 16 ਹੋਰ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ। ਸੁਲਤਾਨ ਖਵਾਜਾ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਕਿਉਂਕਿ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਆਈਜੀ ਨੇ ਦੱਸਿਆ ਕਿ ਅੱਗ ਲੱਗਣ ਦੌਰਾਨ ਸਵਾਰੀਆਂ ਬੱਸ ਵਿੱਚੋਂ ਛਾਲ ਮਾਰਨ ਵਿੱਚ ਕਾਮਯਾਬ ਹੋ ਗਈਆਂ ਸਨ। ਉਹ ਬਚ ਗਏ। ਉਸ ਨੇ ਦੱਸਿਆ ਕਿ ਦੋਵੇਂ ਗੱਡੀਆਂ ਨੂੰ ਅੱਗ ਲੱਗਣ ਕਾਰਨ ਹੋਰ ਲੋਕਾਂ ਨੂੰ ਹੇਠਾਂ ਉਤਰਨ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਬੱਸ ਦੇ ਦੋਵੇਂ ਡਰਾਈਵਰਾਂ ਦੀ ਮੌਤ ਹੋ ਗਈ। ਆਈਜੀ ਖਵਾਜਾ ਨੇ ਇਹ ਵੀ ਦੱਸਿਆ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿਕਅੱਪ ਵੈਨ ਵਿੱਚ ਬਾਲਣ ਵਾਲੀ ਟੈਂਕੀ ਨਾ ਹੁੰਦੀ ਤਾਂ ਦੋਵੇਂ ਵਾਹਨਾਂ ਨੂੰ ਅੱਗ ਨਾ ਲੱਗਦੀ।