Site icon TV Punjab | Punjabi News Channel

ਪਰਗਟ ਸਿੰਘ ਨੂੰ ਕਾਂਗਰਸ ਪਾਰਟੀ ਨੇ ਦਿੱਤੀ ਵੱਡੀ ਜਿੰਮੇਵਾਰੀ, ਜੰਮੂ ਚੋਣਾਂ ਲਈ AICC ਅਬਜ਼ਰਵਰ ਕੀਤਾ ਨਿਯੁਕਤ

ਡੈਸਕ- ਸਾਬਕਾ ਹਾਕੀ ਖਿਡਾਰੀ ਤੇ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੂੰ ਕਾਂਗਰਸ ਹਾਈਕਮਾਂਡ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਕਾਂਗਰਸ ਦੇ ਸੀਨੀਅਰ ਨੇਤਾਵਾਂ ਅਤੇ ਸੰਸਦ ਮੈਂਬਰਾਂ ਰਾਹੁਲ ਗਾਂਧੀ ਅਤੇ ਕੇਸੀ ਵੇਣੂਗੋਪਾਲ ਨੇ ਜੰਮੂ-ਕਸ਼ਮੀਰ ਦੇ ਜੰਮੂ ਲੋਕ ਸਭਾ ਹਲਕਿਆਂ ਦੀਆਂ ਆਗਾਮੀ ਚੋਣਾਂ ਲਈ ਵਿਧਾਇਕ ਪਰਗਟ ਸਿੰਘ ਨੂੰ AICC ਅਬਜ਼ਰਵਰ ਨਿਯੁਕਤ ਕੀਤਾ ਹੈ।

ਇਸ ਸੰਬੰਧੀ ਇੱਕ ਰਸਮੀ ਪੱਤਰ ਪਾਰਟੀ ਦੇ ਜਨਰਲ ਸਕੱਤਰ ਅਤੇ ਐੱਮ.ਪੀ. ਸ੍ਰੀ ਕੇ.ਸੀ. ਵੇਨੂੰਗੋਪਾਲ ਵੱਲੋਂ ਜਾਰੀ ਕੀਤਾ ਗਿਆ ਹੈ। ਪਰਗਟ ਸਿੰਘ ਨੇ ਕੇਂਦਰੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਯਕੀਨੀ ਬਣਾਉਣ ਲਈ ਹਰ ਕਾਂਗਰਸੀ ਵਰਕਰ ਨਾਲ ਰਲ ਕੇ ਕੰਮ ਕਰਨ ਲਈ ਵਚਨਬੱਧ ਹਨ।

ਵਿਧਾਇਕ ਪਰਗਟ ਸਿੰਘ ਨੇ ਆਪਣੇ ਐਕਸ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ- ਮੈਂ ਇਸ ਜ਼ਿੰਮੇਵਾਰੀ ਲਈ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਕੇਸੀ ਵੇਣੂਗੋਪਾਲ ਦਾ ਧੰਨਵਾਦ ਕਰਦਾ ਹਾਂ। ਮੈਨੂੰ ਜੰਮੂ-ਕਸ਼ਮੀਰ ਦੇ ਵਿਧਾਨ ਸਭਾ ਹਲਕਿਆਂ ਵਿੱਚ ਅਬਜ਼ਰਵਰ ਵਜੋਂ ਨਿਯੁਕਤ ਕਰਨ ਲਈ ਧੰਨਵਾਦ। ਮੈਂ ਆਗਾਮੀ ਚੋਣਾਂ ਵਿੱਚ ਆਪਣੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਕਾਂਗਰਸੀ ਵਰਕਰ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ।

ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿੱਚ ਤਿੰਨ ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੂਬੇ ‘ਚ ਪਹਿਲੇ ਪੜਾਅ ਦੀ ਵੋਟਿੰਗ 18 ਸਤੰਬਰ ਨੂੰ 24 ਸੀਟਾਂ ਲਈ ਚੋਣਾਂ ਹੋਣੀਆਂ ਹਨ। ਦੂਜੇ ਪੜਾਅ ਤਹਿਤ 25 ਸਤੰਬਰ ਨੂੰ 26 ਸੀਟਾਂ ‘ਤੇ ਵੋਟਿੰਗ ਹੋਣੀ ਹੈ ਅਤੇ ਤੀਜੇ ਪੜਾਅ ਤਹਿਤ 40 ਵਿਧਾਨ ਸਭਾ ਸੀਟਾਂ ‘ਤੇ 1 ਅਕਤੂਬਰ ਨੂੰ ਵੋਟਿੰਗ ਹੋਣੀ ਹੈ।

Exit mobile version