ਪਾਕਿਸਤਾਨ ਤੋਂ ਆਇਆ ਡਰੋਨ ਬੀ.ਐੱਸ.ਐੱਫ ਨੇ ਕੀਤਾ ਢੇਰ

ਅੰਮ੍ਰਿਤਸਰ : ਬਾਰਡਰ ਸੁਰੱਖਿਆ ਬਲ (ਬੀਐਸਐਫ) ਨੇ ਮੰਗਲਵਾਰ ਤੜਕੇ ਅੰਮ੍ਰਿਤਸਰ ਸੈਕਟਰ ਵਿੱਚ ਬੀਓਪੀ ਕਲਾਮ ਡੋਗਰਾ ਨੇੜੇ ਇੱਕ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ। ਘਟਨਾ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਨਵਾਂ ਚੰਦ ਨੇੜੇ ਆਉਂਦੇ ਹੀ ਪਾਕਿਸਤਾਨੀ ਤਸਕਰਾਂ ਨੇ ਆਈਐਸਆਈ ਨਾਲ ਮਿਲ ਕੇ ਹਥਿਆਰਾਂ ਦੀ ਖੇਪ ਭਾਰਤੀ ਖੇਤਰ ਵਿੱਚ ਸੁੱਟ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀਐਸਐਫ ਦੀ 183 ਬਟਾਲੀਅਨ ਦੇ ਜਵਾਨ ਬਾਰਡਰ ਅਬਜ਼ਰਵਿੰਗ ਪੋਸਟ ਕਲਾਮ ਡੋਗਰਾ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਵਾਨਾਂ ਨੇ ਹਵਾਈ ਫਾਇਰਿੰਗ ਕਰਦੇ ਹੋਏ ਡਰੋਨ ਨੂੰ ਡੇਗ ਦਿੱਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਤਵਾਰ ਦੇਰ ਰਾਤ ਵੀ ਬੀਐਸਐਫ ਨੇ ਪਾਕਿਸਤਾਨੀ ਡਰੋਨ ਨੂੰ ਜ਼ਮੀਨ ‘ਤੇ ਡੇਗ ਦਿੱਤਾ ਸੀ ਅਤੇ ਉਥੋਂ ਦੋ ਕਿਲੋ ਹੈਰੋਇਨ ਵੀ ਬਰਾਮਦ ਹੋਈ ਸੀ। 14 ਅਕਤੂਬਰ ਦੀ ਰਾਤ ਨੂੰ ਵੀ ਜਵਾਨਾਂ ਨੇ ਪਾਕਿ ਡਰੋਨ ਨੂੰ ਡੇਗ ਦਿੱਤਾ ਸੀ।