ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜ ਤੱਤਾਂ ਵਿੱਚ ਵਿਲੀਨਹੋ ਗਏ ਹਨ । ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਗਿਆ। ਬੇਟੇ ਸੁਖਬੀਰ ਬਾਦਲ ਨੇ ਚਿਤਾ ਨੂੰ ਅਗਨ ਭੇਟ ਕੀਤਾ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਥਾਂ ਦੀ ਘਾਟ ਕਾਰਨ ਉਨ੍ਹਾਂ ਸਸਕਾਰ ਆਪਣੇ ਖੇਤ ਵਿੱਚ ਕਿੰਨੂ ਦੇ ਬਾਗ ਵਿੱਚ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰੇ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ਵਿੱਚ ਰੱਖਿਆ ਗਿਆ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਬੀਐੱਲ ਪੁਰੋਹਿਤ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, NCP ਮੁਖੀ ਸ਼ਰਦ ਪਵਾਰ ਵੀ ਸ਼ਰਧਾਂਜਲੀ ਦੇਣ ਲਈ ਇੱਥੇ ਪੁੱਜੇ।
95 ਸਾਲਾ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਕਰੀਬ 8.45 ਵਜੇ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸਾਹ ਦੀ ਤਕਲੀਫ਼ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਦਾਖ਼ਲ ਕਰਵਾਇਆ ਗਿਆ ਸੀ। ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਉਹ ਲੰਬੀ ਵਿਧਾਨ ਸਭਾ ਸੀਟ ਤੋਂ ਲਗਾਤਾਰ 10 ਵਾਰ ਚੋਣ ਜਿੱਤੇ।
ਕੇਂਦਰੀ ਮੰਤਰੀ ਵੀ ਸ਼ਰਧਾਂਜਲੀ ਦੇਣ ਪਹੁੰਚੇ
ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਰਿਆਣਾ ਦੇ INLD ਆਗੂ ਅਭੈ ਚੌਟਾਲਾ, ਕੇਂਦਰੀ ਮੰਤਰੀ ਸੋਮਨਾਥ, ਸਾਬਕਾ ਸਿਹਤ ਮੰਤਰੀ ਸੁਰਜੀਤ ਜਿਆਣੀ, ਕਾਂਗਰਸੀ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੀ ਪੁੱਜੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਮੱਥਾ ਟੇਕਿਆ। ਇਸ ਦੇ ਨਾਲ ਹੀ ਸੁਖਬੀਰ ਬਾਦਲ ਦੇ ਨਾਲ NCP ਮੁਖੀ ਸ਼ਰਦ ਪਵਾਰ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੰਤਿਮ ਸੰਸਕਾਰ ਮੌਕੇ ਵੱਡੇ ਸਿਆਸੀ ਆਗੂਆਂ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਪੀਐਮ ਮੋਦੀ ਵੀ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਪੁੱਜੇ
ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 28 ਸਥਿਤ ਅਕਾਲੀ ਦਲ ਦੇ ਦਫਤਰ ਵਿਖੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੰਤਿਮ ਦਰਸ਼ਨ ਅਤੇ ਸ਼ਰਧਾਂਜਲੀ ਦੇਣ ਪਹੁੰਚੇ। ਇਸ ਦੌਰਾਨ ਉਨ੍ਹਾਂ ਸੁਖਬੀਰ ਬਾਦਲ ਨੂੰ ਕਿਹਾ ਕਿ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਟ ਕਰਨਾ ਉਨ੍ਹਾਂ ਦਾ ਫਰਜ਼ ਹੈ। ਪੀਐਮ ਮੋਦੀ ਤੋਂ ਇਲਾਵਾ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ, ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ, ਸਾਬਕਾ ਸੀਐਮ ਓਮਪ੍ਰਕਾਸ਼ ਚੌਟਾਲਾ, ਸਾਬਕਾ ਸੀਐਮ ਰਾਜਿੰਦਰ ਕੌਰ ਭੱਠਲ, ਸੁਨੀਲ ਜਾਖੜ, ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਕਈ ਰਾਜਨੀਤਿਕ ਦਿੱਗਜ ਇੱਥੇ ਪਹੁੰਚੇ।