Site icon TV Punjab | Punjabi News Channel

PAU ਦੇ ਹਫਤਾਵਰੀ ਡਿਜੀਟਲ ਅਖ਼ਬਾਰ ਖੇਤੀ ਸੰਦੇਸ਼ ਨੇ 200 ਅੰਕ ਪੂਰੇ ਕੀਤੇ

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫਤੇ ਜਾਰੀ ਕੀਤੇ ਜਾਂਦੇ ਡਿਜੀਟਲ ਅਖ਼ਬਾਰ ਖੇਤੀ ਸੰਦੇਸ਼ ਨੇ ਆਪਣੇ 200 ਅੰਕ ਪੂਰੇ ਕਰ ਲਏ ਹਨ । 200ਵੇਂ ਅੰਕ ਨੂੰ ਅੱਜ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਜਾਰੀ ਕੀਤਾ।

ਡਾ. ਮਾਹਲ ਨੇ ਇਸ ਮੌਕੇ ਕਿਹਾ ਕਿ ਕੋਵਿਡ ਦੇ ਦੌਰਾਨ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਅਤੇ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿਚ ਖੇਤੀ ਸੰਦੇਸ਼ ਦਾ ਭਰਵਾਂ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਖ਼ਬਾਰ ਵੱਖ-ਵੱਖ ਵਟਸਐੱਪ ਗਰੁੱਪਾਂ ਰਾਹੀਂ 10 ਲੱਖ ਦੇ ਕਰੀਬ ਕਿਸਾਨਾਂ ਤੱਕ ਹਰ ਹਫ਼ਤੇ ਪਹੁੰਚਦਾ ਹੈ ।

ਡਾ. ਮਾਹਲ ਨੇ ਖੇਤੀ ਸੰਦੇਸ਼ ਨਾਲ ਜੁੜੀ ਸੰਚਾਰ ਕੇਂਦਰ ਦੀ ਸਮੁੱਚੀ ਟੀਮ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਖੇਤੀ ਸੰਦੇਸ਼ ਨਵੇਂ ਯੁੱਗ ਦੀਆਂ ਪਸਾਰ ਗਤੀਵਿਧੀਆਂ ਵਿੱਚ ਪੀ.ਏ.ਯੂ. ਦੀ ਪਹਿਲਕਦਮੀ ਹੈ।

ਇਸ ਅਖ਼ਬਾਰ ਨੂੰ ਸਤੰਬਰ 2017 ਦੇ ਕਿਸਾਨ ਮੇਲੇ ਦੌਰਾਨ ਸ਼ੁਰੂ ਕੀਤਾ ਗਿਆ ਸੀ। ਇਸ ਨੇ ਖੇਤੀ ਸਿਖਲਾਈ ਤੋਂ ਇਲਾਵਾ ਖੇਤੀ ਸੰਬੰਧੀ ਸਿਫ਼ਾਰਸ਼ਾਂ, ਮੌਸਮ, ਗਤੀਵਿਧੀਆਂ ਅਤੇ ਕਿਸਾਨ ਮੇਲਿਆਂ ਨਾਲ ਸੰਬੰਧਤ ਜਾਣਕਾਰੀ ਨੂੰ ਕਿਸਾਨਾਂ ਤੱਕ ਪਹੁੰਚਾਉਣ ਤੱਕ ਭਰਵਾਂ ਕਾਰਜ ਕੀਤਾ ਹੈ ।

ਡਾ. ਰਿਆੜ ਨੇ ਪੀ.ਏ.ਯੂ. ਵੱਲੋਂ ਡਿਜੀਟਲ ਯੁੱਗ ਦੇ ਮਾਧਿਅਮਾਂ ਰਾਹੀਂ ਪਸਾਰ ਗਤੀਵਿਧੀਆਂ ਜਾਰੀ ਰੱਖਣ ਦੇ ਪ੍ਰਣ ਨੂੰ ਦੁਹਰਾਇਆ । ਇਸ ਮੌਕੇ ਖੇਤੀ ਸੰਦੇਸ਼ ਦੇ ਸੰਪਾਦਕ ਡਾ. ਕੁਲਵਿੰਦਰ ਕੌਰ ਗਿੱਲ, ਸਹਿ ਸੰਪਾਦਕ ਡਾ. ਜਗਵਿੰਦਰ ਸਿੰਘ ਜੋਧਾ, ਡਾ. ਅਨਿਲ ਸ਼ਰਮਾ, ਮਿਸ ਗੁਲਨੀਤ ਚਾਹਲ, ਮਿਸ ਸੰਦੀਪ ਕੌਰ ਅਤੇ ਸ੍ਰੀ ਰਵਿੰਦਰ ਭਲੂਰੀਆ ਹਾਜ਼ਰ ਸਨ।

ਟੀਵੀ ਪੰਜਾਬ ਬਿਊਰੋ

Exit mobile version