ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਨੈਸ਼ਨਲ ਸਪੋਰਟਸ ਆਰਗੇਨਾਈਜ਼ੇਸ਼ਨ ਕੈਂਪ ਸਾਲ 2019-20 ਲਈ ਲਾਇਆ ਗਿਆ । ਇਹ ਕੈਂਪ ਉਹਨਾਂ ਵਿਦਿਆਰਥੀਆਂ ਲਈ ਲਾਜ਼ਮੀ ਹੁੰਦਾ ਹੈ ਜਿਨਾਂ ਨੇ ਐੱਨ ਐੱਸ ਓ ਪ੍ਰੋਗਰਾਮ ਦੀ ਚੋਣ ਕੀਤੀ ਹੋਵੇ । ਕੋਵਿਡ ਦੇ ਮੱਦੇਨਜ਼ਰ ਇਸ ਕੈਂਪ ਦਾ ਸਮਾਪਤੀ ਸਮਾਰੋਹ ਆਨਲਾਈਨ ਹੋਇਆ ।
ਇਸ ਵਿੱਚ 92 ਐੱਨ ਐੱਸ ਓ ਸਿਖਿਆਰਥੀ ਸ਼ਾਮਿਲ ਹੋਏ ਜੋ ਪੀ.ਏ.ਯੂ. ਦੇ ਵੱਖ-ਵੱਖ ਕਾਲਜਾਂ ਨਾਲ ਸੰਬੰਧਤ ਸਨ ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਵਿੰਦਰ ਕੌਰ ਧਾਲੀਵਾਲ ਇਸ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਉਹਨਾਂ ਨੇ ਆਯੋਜਨ ਕਮੇਟੀ ਅਤੇ ਸਫਲਤਾ ਨਾਲ ਕੈਂਪ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।
ਡਾ. ਧਾਲੀਵਾਲ ਨੇ ਆਸ ਪ੍ਰਗਟਾਈ ਕਿ ਇਸ ਕੈਂਪ ਤੋਂ ਹਾਸਲ ਕੀਤੀ ਪ੍ਰੇਰਨਾ ਅਤੇ ਊਰਜਾ ਕੋਵਿਡ ਵਰਗੇ ਮਹਾਂਮਾਰੀ ਦੇ ਦੌਰ ਵਿੱਚ ਵਿਦਿਆਰਥੀਆਂ ਦਾ ਹੌਂਸਲਾ ਵਧਾਏਗੀ । ਉਹਨਾਂ ਨੇ ਰੋਜ਼ਾਨਾ ਖੇਡ ਅਭਿਆਸ ਅਤੇ ਸਰੀਰਕ ਮਿਹਨਤ ਦੇ ਮਹੱਤਵ ਬਾਰੇ ਗੱਲ ਕਰਦਿਆਂ ਤੰਦਰੁਸਤ ਰਹਿਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਇਸ ਕੈਂਪ ਨੂੰ ਸਵੇਰ ਅਤੇ ਸ਼ਾਮ ਦੋ ਸੈਸ਼ਨਾਂ ਵਿੱਚ ਵੰਡਿਆ ਗਿਆ ਸੀ । ਹਰ ਰੋਜ਼ ਸਵੇਰ ਦੇ ਸੈਸ਼ਨ ਵਿੱਚ ਸਰੀਰਕ ਮੁਸ਼ੱਕਤ ਅਤੇ ਕਸਰਤ ਕਰਵਾਈ ਜਾਂਦੀ ਸੀ । ਇਸ ਲਈ ਵਿਦਿਆਰਥੀਆਂ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਅਤੇ ਸਰੀਰਕ ਫਿਟਨੈੱਸ ਦੀ ਅਹਿਮਿਅਤ ਤੋਂ ਜਾਣੂੰ ਕਰਵਾਇਆ ਜਾਂਦਾ ਸੀ । ਸ਼ਾਮ ਦੇ ਸੈਸ਼ਨ ਵਿੱਚ ਵੱਖ-ਵੱਖ ਮਾਹਿਰ ਵੈਬੀਨਾਰਾਂ ਦੀ ਲੜੀ ਰਾਹੀਂ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕਰਦੇ ਸਨ।
ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਇਹਨਾਂ ਮਾਹਿਰਾਂ ਵਿੱਚ ਪ੍ਰੋ. ਨਿਸ਼ਾਨ ਸਿੰਘ ਦਿਓਲ, ਪ੍ਰੋ. ਪਰਮਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਤੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਅਮਨਦੀਪ ਸਿੰਘ, ਜੇ ਐੱਨ ਯੂ ਤੋਂ ਡਾ. ਵਿਕਰਮ ਸਿੰਘ, ਕੇਂਦਰੀ ਯੂਨੀਵਰਸਿਟੀ ਕਸ਼ਮੀਰ ਤੋਂ ਡਾ. ਸੋਮਨਪ੍ਰੀਤ ਸਿੰਘ, ਕੇਂਦਰੀ ਯੂਨੀਵਰਸਿਟੀ ਲਖਨਊ ਡਾ. ਮਨੋਜ ਸਿੰਘ ਡਡਵਾਲ, ਮਹਾਂਰਾਸ਼ਟਰ ਤੋਂ ਡਾ. ਕਵਿਤਾ ਕੋਲਗਾਡੇ, ਕੇ ਐੱਮ ਵੀ ਕਾਲਜ ਤੋਂ ਡਾ. ਦਵਿੰਦਰ ਸਿੰਘ, ਸੁਧਾਰ ਕਾਲਜ ਤੋਂ ਡਾ. ਬਲਜਿੰਦਰ ਸਿੰਘ ਪ੍ਰਮੁੱਖ ਸਨ।
ਇਹਨਾਂ ਮਾਹਿਰਾਂ ਨੇ ਫਿਟਨੈੱਸ, ਕਸਰਤ, ਪੋਸ਼ਣ ਅਤੇ ਖੇਡਾਂ ਨਾਲ ਸੰਬੰਧਤ ਪੇਸ਼ਕਾਰੀਆਂ ਦਿੱਤੀਆਂ । ਸਾਰੇ ਮਾਹਿਰਾਂ ਨੇ ਫਿਟਨੈੱਸ ਨੂੰ ਮਨੁੱਖੀ ਹੋਂਦ ਦਾ ਕੇਂਦਰੀ ਤੱਤ ਕਿਹਾ ਅਤੇ ਹਰ ਮਨੁੱਖ ਨੂੰ ਇੱਕ ਹਫਤੇ ਵਿੱਚ 150 ਮਿੰਟ ਕਸਰਤ ਕਰਨ ਲਈ ਕਿਹਾ।
ਟੀਵੀ ਪੰਜਾਬ ਬਿਊਰੋ