ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਵਿਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੀਹਲਾ ਵਿਚ ਮੱਕੀ ਦੀ ਫਸਲ ਬਾਰੇ ਖੇਤ ਦਿਵਸ ਮਨਾਇਆ ਗਿਆ। ਮੱਕੀ ਦੇ ਕਿਸਮ ਸੁਧਾਰਕ ਡਾ. ਸੁਰਿੰਦਰ ਸੰਧੂ ਨੇ ਇਸ ਦੌਰਾਨ ਮੱਕੀ ਦੀ ਕਾਸ਼ਤ ਦੀਆਂ ਵਿਧੀਆਂ ਬਾਰੇ ਗੱਲ ਕੀਤੀ ।
ਇਸ ਵਿਚ ਉਹਨਾਂ ਨੇ ਮੱਕੀ ਦੇ ਕੀੜਿਆਂ ਫਾਲ ਆਰਮੀਵਰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਕੀ ਦੀ ਫਸਲ ਤੋਂ ਲਾਭ ਲੈਣ ਲਈ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਹੀ ਬੀਜਣ। ਪਸਾਰ ਮਾਹਿਰ ਡਾ. ਧਰਮਿੰਦਰ ਸਿੰਘ ਨੇ ਲਾਭਕਾਰੀ ਖੇਤੀ ਲਈ ਬਕਾਇਦਾ ਹਿਸਾਬ-ਕਿਤਾਬ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ।
ਫਸਲ ਵਿਗਿਆਨੀ ਡਾ. ਅਮਿਤ ਕੌਲ ਨੇ ਕਿਹਾ ਕਿ ਖੇਤ ਫਸਲਾਂ ਵਿਚੋਂ ਨਦੀਨਾਂ ਦੇ ਖਾਤਮੇ ਲਈ ਕਿਸਾਨ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ‘ਤੇ ਅਮਲ ਕਰਨ। ਇਸ ਤੋਂ ਇਲਾਵਾ ਉਹਨਾਂ ਨੇ ਲੋੜ ਤੋਂ ਵੱਧ ਖੇਤੀ ਰਸਾਇਣਾਂ ਦੀ ਵਰਤੋਂ ਦੇ ਰੁਝਾਨ ਨੂੰ ਖਤਮ ਕਰਨ ਦੀ ਅਪੀਲ ਵੀ ਕੀਤੀ।
ਮੌਸਮ ਵਿਗਿਆਨੀ ਡਾ. ਕੇ.ਕੇ. ਗਿੱਲ ਨੇ ਚਾਲੂ ਮੌਸਮੀ ਹਾਲਾਤ ਬਾਰੇ ਜਾਣਕਾਰੀ ਦਿੱਤੀ । ਡਾ. ਲਖਵਿੰਦਰ ਕੌਰ ਨੇ ਰਸੋਈ ਬਗੀਚੀ ਬਾਰੇ, ਗੁਲਨੀਤ ਚਾਹਲ ਨੇ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ । 50 ਤੋਂ ਵਧੇਰੇ ਕਿਸਾਨਾਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ । ਕਿਸਾਨਾਂ ਨੂੰ ਖੇਤੀ ਸਾਹਿਤ ਵੀ ਵੰਡਿਆ ਗਿਆ।
ਟੀਵੀ ਪੰਜਾਬ ਬਿਊਰੋ