PAU ਵਿਚ ਦੁੱਧ ਉਤਪਾਦਕ ਕਿਸਾਨ ਸੰਗਠਨਾਂ ਲਈ ਸਿਖਲਾਈ ਕੋਰਸ ਹੋਇਆ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਡਾਇਰੈਕਟੋਰੇਟ ਪਸਾਰ ਸਿੱਖਿਆ ਅਤੇ ਨਾਬਾਰਡ ਦੇ ਸਹਿਯੋਗ ਨਾਲ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ “ਦੁਧਾਰੂ ਪਸ਼ੂ ਪਾਲਕ ਗਤੀਵਿਧੀਆਂ ਨਾਲ ਜੁੜੇ ਕਿਸਾਨ ਉਤਪਾਦਕ ਸੰਗਠਨਾਂ ਲਈ ਸਿਖਲਾਈ ਕੋਰਸ” ਵਿਸ਼ੇ ਉੱਪਰ ਤਿੰਨ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ 35 ਵੱਖ-ਵੱਖ ਕਿਸਾਨ ਉਤਪਾਦਕ ਸੰਗਠਨਾਂ ਦੇ ਮੈਂਬਰਾਂ ਨੇ ਭਾਗ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ, ਮੁਖੀ, ਪਸਾਰ ਸਿੱਖਆ ਵਿਭਾਗ ਨੇ ਕੋਰਸ ਵਿੱਚ ਸ਼ਾਮਿਲ ਹੋਏ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਦੌਰ ਵਿਚ ਚੰਗੀ ਆਮਦਨ ਕਮਾਉਣ ਲਈ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਕਿੱਤਿਆਂ ਨੂੰ ਅਪਨਾਉਣਾ ਜਰੂਰੀ ਹੈ ਅਤੇ ਕਿਸਾਨ ਉਤਪਾਦਕ ਸੰਗਠਨਾਂ ਨਾਲ ਜੁੜ ਕੇ ਇਕ ਕਿਸਾਨ ਚੰਗਾ ਮੁਨਾਫਾ ਕਮਾ ਸਕਦਾ ਹੈ।

ਇਸ ਮੌਕੇ ਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਅਜੋਕੇ ਸਮੇਂ ਵਿੱਚ ਕਿਸਾਨ ਉਤਪਾਦਕ ਸੰਗਠਨ ਦੀ ਖੇਤੀ ਵਿਚ ਮੁੱਖ ਭੂਮਿਕਾ ਅਤੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਮਨੋਜ ਸ਼ਰਮਾ ਨੇ ਡੇਅਰੀ ਫਾਰਮਿੰਗ ਲਈ ਜਰੂਰੀ ਨੁਕਤਿਆਂ ਬਾਰੇ, ਪਸ਼ੂਆਂ ਲਈ ਪੋਸ਼ਟਿਕ ਆਹਾਰ ਦੀ ਮਹਤੱਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਡਾ. ਮਧੂ ਸ਼ੈਲੀ ਨੇ ਦੁਧਾਰੂ ਪਸ਼ੂਆਂ ਦੇ ਆਮ ਰੋਗ ਅਤੇ ਇਸਦੇ ਉਚਿਤ ਬਚਾਅ ਪ੍ਰਬੰਧਾਂ ਬਾਰੇ ਅਤੇ ਬੱਕਰੀ ਪਾਲਣ ਨੂੰ ਸਹਾਇਕ ਧੰਦੇ ਦੇ ਤੌਰ ‘ਤੇ ਅਪਨਾਉਣ ਬਾਰੇ, ਡਾ. ਜਸਪ੍ਰੀਤ ਕੌਰ ਨੇ ਦੁੱਧ ਤੋਂ ਤਿਆਰ ਕੀਤੇ ਜਾਣ ਵਾਲੇ ਵੱਖ-ਵੱਖ ਪਦਾਰਥਾਂ ਬਾਰੇ ਜਰੂਰੀ ਜਾਣਕਾਰੀ ਸਾਂਝੀ ਕੀਤੀ।

ਡਾ. ਰੋਹਿਤ ਗੁਪਤਾ ਨੇ ਬੱਕਰੀ ਪਾਲਣ ਨੂੰ ਕਿਵੇਂ ਸੰਗਠਿਤ ਖੇਤੀ ਤੰਤਰ ਵਿਚ ਅਪਨਾਇਆ ਜਾਵੇ ਬਾਰੇ, ਡਾ. ਐਸ. ਐਸ. ਵਾਲੀਆ ਨੇ ਸੰਗਠਿਤ ਖੇਤੀ ਤੰਤਰ ਬਾਰੇ, ਡਾ. ਖੁਸ਼ਦੀਪ ਧਰਨੀ ਨੇ ਖੇਤੀ ਵਪਾਰ ਖਾਕਾ ਤਿਆਰ ਕਰਨ ਬਾਰੇ, ਡਾ. ਸੁਖਦੀਪ ਕੌਰ ਨੇ ਫਲਾਂ ਅਤੇ ਸਬਜੀਆਂ ਤੋਂ ਤਿਆਰ ਕੀਤੇ ਜਾਣ ਵਾਲੇ ਵੱਖ-ਵੱਖ ਪਦਾਰਥਾਂ ਬਾਰੇ ਅਤੇ ਡਾ. ਰਮਨਦੀਪ ਸਿੰਘ ਨੇ ਮਾਰਕਿਟਿੰਗ ਅਤੇ ਬ੍ਰਾਂਡਿੰਗ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ।

ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਸੰਗਠਿਤ ਖੇਤੀ ਤੰਤਰ ਫਾਰਮ ਅਤੇ ਕਿ੍ਰਸ਼ੀ ਵਿਗਿਆਨ ਕੇਂਦਰ ਨੂਰਮਹਿਲ ਜਾਣ ਦਾ ਦੌਰਾ ਕਰਵਾਇਆ ਗਿਆ। ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਸਾਰੇ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਕਿਸਾਨਾਂ ਨੂੰ ਇਸ ਸਿਖਲਾਈ ਕੋਰਸ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿਚ ਅਪਨਾਉਣ ਦੀ ਸਲਾਹ ਦਿੱਤੀ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਲਗਾਏ ਜਾਣ ਵਾਲੇ ਹੋਰਨਾਂ ਕੋਰਸਾਂ ਬਾਰੇ ਦੱਸਿਆ।

ਟੀਵੀ ਪੰਜਾਬ ਬਿਊਰੋ