PAU ਸਟਾਫ਼ ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੂੰ ਵਿਦਾਇਗੀ ਪਾਰਟੀ

ਲੁਧਿਆਣਾ : ਪੀ ਏ ਯੂ ਦੇ ਨਿਰਦੇਸ਼ਕ ਖੋਜ ਅਤੇ ਉੱਘੇ ਕਣਕ ਵਿਗਿਆਨੀ ਡਾ ਨਵਤੇਜ ਸਿੰਘ ਬੈਂਸ ਨੂੰ ਅੱਜ ਸੇਵਾ-ਮੁਕਤੀ ਤੇ ਯੂਨੀਵਰਸਿਟੀ ਦੇ ਸਟਾਫ਼ ਨੇ ਵਿਦਾਇਗੀ ਪਾਰਟੀ ਦਿੱਤੀ। ਇਸ ਮੌਕੇ ਇਕ ਭਾਵੁਕ ਸਮਾਗਮ ਹੋਇਆ।

ਇਸ ਸਮਾਗਮ ਦੇ ਮੰਚ ਉੱਪਰ ਡਾ. ਨਵਤੇਜ ਸਿੰਘ ਬੈਂਸ ਤੋਂ ਇਲਾਵਾ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਐਮ ਆਈ ਐਸ ਗਿੱਲ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ ਵੀ ਐਸ ਸੋਹੂ, ਕਾਰਜਕਾਰੀ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਅਪਰ ਨਿਰਦੇਸ਼ਕ ਖੋਜ ਡਾ ਜੀਂ ਐਸ ਮਾਂਗਟ ਮੌਜੂਦ ਸਨ।

ਇਸ ਸਮਾਗਮ ਨੂੰ ਆਨਲਾਈਨ ਪ੍ਰਸਾਰਿਤ ਕੀਤਾ ਗਿਆ ਜਿਸ ਵਿਚ ਡਾ. ਬੈਂਸ ਨੂੰ ਮੁਹੱਬਤ ਕਰਨ ਵਾਲੇ ਦੇਸ਼-ਵਿਦੇਸ਼ ਤੋਂ 40 ਦੇ ਕਰੀਬ ਲੋਕ ਸ਼ਾਮਿਲ ਹੋਏ। ਸਮਾਗਮ ਦਾ ਆਰੰਭ ਡਾ. ਬੈਂਸ ਤੇ ਸ਼੍ਰੀਮਤੀ ਬੈਂਸ ਨੂੰ ਗੁਲਦਸਤੇ ਭੇਂਟ ਕਰਕੇ ਕੀਤਾ ਗਿਆ। ਡਾ. ਨਵਤੇਜ ਸਿੰਘ ਬੈਂਸ ਨੇ ਆਪਣੇ ਭਾਵੁਕ ਸ਼ਬਦਾਂ ਰਾਹੀਂ ਆਪਣੇ ਸਫ਼ਰ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪੀਏਯੂ ਇਕ ਸੰਸਥਾ ਵਜੋਂ ਨਹੀਂ ਬਲਕਿ ਇਕ ਘਰ ਵਾਂਗ ਉਨ੍ਹਾਂ ਦੇ ਨਾਲ ਰਹੀ ਹੈ।

ਡਾ. ਬੈਂਸ ਨੇ ਆਪਣੇ ਅਧਿਆਪਕਾਂ, ਸਾਥੀਆਂ , ਵਿਦਿਆਰਥੀਆਂ ਅਤੇ ਗੈਰ-ਅਧਿਆਪਨ ਅਮਲੇ ਦੇ ਸਾਰੇ ਮੈਂਬਰਾਂ ਦਾ ਲਗਾਤਾਰ ਸਹਿਯੋਗ ਲਈ ਧੰਨਵਾਦ ਕੀਤਾ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਡਾ. ਨਵਤੇਜ ਸਿੰਘ ਬੈਂਸ ਨਾਲ ਆਪਣੀ ਭਾਵੁਕ ਸਾਂਝ ਦਾ ਜ਼ਿਕਰ ਕੀਤਾ। ਉਨ੍ਹਾਂ ਡਾ. ਬੈਂਸ ਨੂੰ ਸਮਰਪਿਤ ਵਿਗਿਆਨੀ ਕਿਹਾ ਜਿਸਨੇ ਖੁੱਭ ਕੇ ਆਪਣੇ ਕੰਮ ਨੂੰ ਆਪਣਾ ਆਪ ਸੌਂਪ ਦਿੱਤਾ ਹੈ।

ਡਾ. ਮਾਹਲ ਨੇ ਡਾ. ਬੈਂਸ ਨੂੰ ਅਪੀਲ ਕੀਤੀ ਕਿ ਉਹ ਲਗਾਤਾਰ ਯੂਨੀਵਰਸਿਟੀ ਨਾਲ ਜੁੜੇ ਰਹਿਣ ਤੇ ਨਵੇਂ ਖੋਜਾਰਥੀਆਂ ਦੀ ਅਗਵਾਈ ਕਰਦੇ ਰਹਿਣ। ਕਾਰਜਕਾਰੀ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵੀ ਇਸ ਸਮਾਗਮ ਵਿਚ ਡਾ. ਬੈਂਸ ਨੂੰ ਸੇਵਾ-ਮੁਕਤੀ ਦੀ ਉਮਰ ਤੰਦਰੁਸਤੀ ਅਤੇ ਖੁਸ਼ਹਾਲੀ ਨਾਲ ਗੁਜ਼ਾਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਡਾ. ਬੈਂਸ ਦੀ ਦਰਵੇਸ਼ ਤਬੀਅਤ ਬਾਰੇ ਗੱਲ ਕਰਦਿਆਂ ਉਨ੍ਹਾਂ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਦਾ ਜ਼ਿਕਰ ਕੀਤਾ। ਖੇਤੀਬਾੜੀ ਕਾਲਜ ਦੇ ਡੀਨ ਡਾ. ਐਮ ਆਈ ਐਸ ਗਿੱਲ, ਅਪਰ ਨਿਰਦੇਸ਼ਕ ਖੋਜ ਡਾ. ਜੀ ਐਸ ਮਾਂਗਟ ਅਤੇ ਫਸਲ ਵਿਗਿਆਨੀ ਡਾ. ਜਸਜੀਤ ਸਿੰਘ ਗਿੱਲ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਰ੍ਹਿਆਂ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਡਾ. ਬੈਂਸ ਦੇ ਵਿਗਿਆਨੀ ਵਜੋਂ ਉਸਰਨ ਬਾਰੇ ਗੱਲ ਕੀਤੀ। ਜੋ ਜੋਸ਼ ਡਾ. ਬੈਂਸ ਦੇ ਨੌਕਰੀ ਆਰੰਭ ਕਰਨ ਸਮੇਂ ਸੀ ਉਹੀ ਨੌਕਰੀ ਦੇ ਆਖ਼ਰੀ ਦਿਨ ਤਕ ਬਰਕਰਾਰ ਰਿਹਾ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ ਨੇ ਵੀ ਆਪਣੇ ਵਿਚਾਰ ਇਸ ਮੌਕੇ ਪੇਸ਼ ਕੀਤੇ। ਉਨ੍ਹਾਂ ਡਾ. ਬੈਂਸ ਨੂੰ ਉੱਚਕੋਟੀ ਦਾ ਵਿਗਿਆਨੀ ਤੇ ਪ੍ਰਸ਼ਾਸਕ ਕਿਹਾ।

ਸਵਾਗਤੀ ਸ਼ਬਦ ਬੋਲਦਿਆਂ ਡਾ. ਵੀ ਐੱਸ ਸੋਹੂ ਨੇ ਡਾ. ਬੈਂਸ ਨਾਲ ਪੁਰਾਣੀ ਸਾਂਝ ਦੇ ਹਵਾਲੇ ਨਾਲ ਬਹੁਤ ਭਾਵੁਕ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਡਾ. ਬੈਂਸ ਦੇ ਪਰਿਵਾਰਕ ਪਿਛੋਕੜ ਬਾਰੇ ਦੱਸਦਿਆਂ ਉਨ੍ਹਾਂ ਦੀਆਂ ਵਿਦਿਅਕ ਪ੍ਰਾਪਤੀਆਂ ਅਤੇ ਖੋਜ ਸਫਲਤਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਡਾ. ਬੈਂਸ ਨੇ ਯੂਨੀਵਰਸਿਟੀ ਦੇ ਕਣਕ ਬਰੀਡਿੰਗ ਪ੍ਰੋਗਰਾਮ ਅਤੇ ਇਸ ਦੇ ਨਿਰੰਤਰ ਸੁਧਾਰ ਵਿਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ।

ਡਾ. ਬੈਂਸ ਦੇ ਨਵੀਆਂ ਤੇ ਠੇਠ ਕਿਸਮਾਂ ਉੱਪਰ ਕੀਤੇ ਕੰਮ ਨੂੰ ਦੇਸ਼ ਭਰ ਦੇ ਕਿਸਾਨਾਂ ਦੁਆਰਾ ਅਪਣਾਇਆ ਅਤੇ ਕਾਸ਼ਤ ਕੀਤਾ ਗਿਆ। ਡਾ. ਸੋਹੂ ਨੇ ਡਾ. ਬੈਂਸ ਨੂੰ ਸਰਬਪੱਖੀ ਸ਼ਖ਼ਸੀਅਤ ਕਿਹਾ। ਉਨ੍ਹਾਂ ਦੱਸਿਆ ਕਿ ਡਾ. ਬੈਂਸ ਨੇ 16 ਐਮ ਐਸਸੀ ਅਤੇ ਪੀਐਚ ਡੀ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਹੈ।

ਆਪਣੇ ਵਿਸ਼ਾਲ ਗਿਆਨ, ਭਰੋਸੇਮੰਦ ਮਾਰਗਦਰਸ਼ਨ ਅਤੇ ਦਿਆਲੂ ਸ਼ਖਸੀਅਤ ਦੀ ਬਦੌਲਤ ਉਹ ਹਮੇਸ਼ਾ ਵਿਦਿਆਰਥੀਆਂ, ਸਹਿਕਰਮੀਆਂ ਅਤੇ ਸਟਾਫ ਦੇ ਸਮੂਹਾਂ ਦਾ ਹਿੱਸਾ ਰਹੇ। ਪਾਲ ਆਡੀਟੋਰੀਅਮ ਵਿਚ ਹੋਏ ਇਸ ਸਮਾਗਮ ਵਿਚ ਪੀ ਏ ਯੂ ਦੇ ਸਮੂਹ ਅਧਿਕਾਰੀਆਂ, ਅਧਿਆਪਕਾਂ, ਗੈਰ-ਅਧਿਆਪਨੀ ਅਮਲੇ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਲੋਕ ਮੈਜੂਦ ਸਨ। ਮੰਚ ਦਾ ਸੰਚਾਲਨ ਪਲਾਂਟ ਬਰੀਡਰ ਡਾ. ਆਰ ਐਸ ਗਿਲ ਨੇ ਕੀਤਾ।

ਟੀਵੀ ਪੰਜਾਬ ਬਿਊਰੋ