PAU ਦੇ ਲਾਈਵ ਪ੍ਰੋਗਰਾਮ ਵਿਚ ਖੇਤੀ ਸਬੰਧੀ ਮਾਹਿਰਾਂ ਨੇ ਦਿੱਤੇ ਵਿਚਾਰ

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਸਾਉਣੀ ਦੀਆਂ ਫ਼ਸਲਾਂ ਦੇ ਚਲੰਤ ਮਸਲਿਆਂ ਬਾਰੇ ਮਾਹਿਰਾਂ ਨੇ ਵਿਚਾਰ ਪੇਸ਼ ਕੀਤੇ। ਪੌਦ ਰੋਗ ਵਿਗਿਆਨ ਵਿਭਾਗ ਦੇ ਮਾਹਿਰ ਡਾ. ਅਮਰਜੀਤ ਸਿੰਘ ਨੇ ਝੋਨੇ ਵਿਚ ਝੰਡਾ ਰੋਗ ਦੀਆਂ ਸ਼ਿਕਾਇਤਾਂ ਬਾਰੇ ਗੱਲ ਕੀਤੀ । ਉਹਨਾਂ ਦੱਸਿਆ ਕਿ ਇਸ ਸੰਬੰਧੀ ਯੂਨੀਵਰਸਿਟੀ ਮਾਹਿਰਾਂ ਨੇ ਸਰਵੇਖਣ ਕੀਤੇ ਹਨ ।

ਡਾ. ਅਮਰਜੀਤ ਸਿੰਘ ਨੇ ਇਸ ਰੋਗ ਦੇ ਕਾਰਨਾਂ ਬਾਰੇ ਵੀ ਗੱਲ ਕੀਤੀ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ । ਇਸ ਰੋਗ ਦੀਆਂ ਨਿਸ਼ਾਨੀਆਂ ਦਿਸਣ ਦੀ ਸੂਰਤ ਵਿਚ ਯੂਨੀਵਰਸਿਟੀ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਖੇਤੀ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਦੇ ਮੁਖੀ ਡਾ. ਸੰਜੀਵ ਚੌਹਾਨ ਨੇ ਪੰਜਾਬ ਅਤੇ ਭਾਰਤ ਦੇ ਜੰਗਲਾਤ ਅਧੀਨ ਆਉਂਦੇ ਰਕਬੇ ਬਾਰੇ ਗੱਲ ਕਰਦਿਆਂ ਵਾਤਾਵਰਨ ਦੀ ਰੱਖਿਆ ਲਈ ਹੋਰ ਜੰਗਲ ਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ।

ਉਹਨਾਂ ਨੇ ਕਿਹਾ ਕਿ ਇਸ ਕਾਰਜ ਲਈ ਵਾਤਾਵਰਨ ਅਨੁਕੂਲ ਹੀ ਪੌਦੇ ਲਾਉਣੇ ਚਾਹੀਦੇ ਹਨ । ਡਾ. ਚੌਹਾਨ ਨੇ ਪੌਦੇ ਲਾਉਣ ਤੋਂ ਬਾਅਦ ਉਹਨਾਂ ਦੀ ਸੰਭਾਲ ਅਤੇ ਇਸ ਸੰਬੰਧੀ ਸਰਕਾਰੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਮੌਸਮ ਵਿਗਿਆਨੀ ਡਾ. ਕੇ. ਕੇ. ਗਿੱਲ ਨੇ ਚਾਲੂ ਮੌਸਮ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਟੀਵੀ ਪੰਜਾਬ ਬਿਊਰੋ