PAU ਵਿਚ ਵਿਕਸਿਤ ਸਿੰਚਾਈ ਤਕਨੀਕਾਂ ਬਾਰੇ ਮਾਹਿਰਾਂ ਦਾ ਸਿਖਲਾਈ ਕੋਰਸ ਹੋਇਆ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਵੀਆਂ ਸਿੰਚਾਈ ਤਕਨੀਕਾਂ ਜਿਵੇਂ ਤੁਪਕਾ ਸਿੰਚਾਈ ਅਤੇ ਪੌਲੀਨੈੱਟ ਹਾਊਸ ਲਈ ਫੁਹਾਰਾ ਸਿੰਚਾਈ ਸੰਬੰਧੀ ਜਾਣਕਾਰੀ ਦੇਣ ਲਈ ਦੋ ਰੋਜ਼ਾ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਵਿਚ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਭੂਮੀ ਸੰਭਾਲ ਅਧਿਕਾਰੀ ਅਤੇ ਪੀ.ਏ.ਯੂ. ਦੇ ਕੈਂਪਸ ਤੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਦੇ 55 ਮਾਹਿਰਾਂ ਨੇ ਹਿੱਸਾ ਲਿਆ।

ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਮੰਡੀ ਦੇ ਵਿਸ਼ਾਲ ਹੋਣ, ਜ਼ਮੀਨਾਂ ਘਟਣ ਅਤੇ ਪੌਣਪਾਣੀ ਵਿਚ ਤਬਦੀਲੀ ਨਾਲ ਸੁਰੱਖਿਅਤ ਖੇਤੀ ਮਹੱਤਵਪੂਰਨ ਕਾਸ਼ਤ ਢੰਗ ਬਣੀ ਹੈ। ਉਹਨਾਂ ਨੇ ਨਵੀਆਂ ਤਕਨੀਕਾਂ ਅਪਣਾ ਨੇ ਵੱਧ ਝਾੜ ਲੈਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਦੱਸਿਆ। ਕੋਰਸ ਕੁਆਰਡੀਨੇਟਰ ਡਾ. ਕਿਰਨ ਗਰੋਵਰ ਨੇ ਸੁਰੱਖਿਅਤ ਅਤੇ ਪੋਸ਼ਕ ਭੋਜਨ ਦੇ ਮਹੱਤਵ ਤੋਂ ਜਾਣੂ ਕਰਾਇਆ।

ਉਹਨਾਂ ਕਿਹਾ ਕਿ ਸੁਰੱਖਿਅਤ ਖੇਤੀ ਤਕਨੀਕ ਅਪਨਾ ਕੇ ਭੋਜਨ ਸੁਰੱਖਿਆ ਅਤੇ ਪੋਸ਼ਣ ਪ੍ਰਬੰਧ ਵਿਚਕਾਰ ਸੰਤੁਲਨ ਬਿਠਾਇਆ ਜਾ ਸਕਦਾ ਹੈ। ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਡਾ. ਰਾਕੇਸ਼ ਸ਼ਾਰਦਾ ਨੇ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਲਈ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ । ਡਾ. ਸੁਧੀਰ ਥੰਮਣ ਨੇ ਤੁਪਕਾ ਸਿੰਚਾਈ ਪ੍ਰਣਾਲੀ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਡਾ. ਨਿਲੇਸ਼ ਬਿਵਾਲਕਰ ਨੇ ਫੁਹਾਰਾ ਸਿੰਚਾਈ ਪ੍ਰਣਾਲੀ ਅਤੇ ਇਸ ਰਾਹੀਂ ਪਾਣੀ ਦੀ ਬੱਚਤ ਦੀ ਗੱਲ ਕੀਤੀ । ਡਾ. ਮਹੇਸ਼ ਚੰਦ ਨੇ ਵੀ ਸੰਬੰਧਿਤ ਵਿਸ਼ੇ ਬਾਰੇ ਆਪਣੇ ਵਿਚਾਰ ਰੱਖੇ। ਅੰਤ ਵਿਚ ਡਾ. ਕਿਰਨ ਗਰੋਵਰ ਨੇ ਮਾਹਿਰਾਂ ਅਤੇ ਸਿਖਿਆਰਥੀਆਂ ਲਈ ਧੰਨਵਾਦ ਦੇ ਸ਼ਬਦ ਕਹੇ।

ਟੀਵੀ ਪੰਜਾਬ ਬਿਊਰੋ