Site icon TV Punjab | Punjabi News Channel

ਲੀਗਲ ਏਡ ਕੈਂਪ ਦੌਰਾਨ ਕੋਰੋਨਾ ਕਾਰਨ ਅਨਾਥ ਹੋਏ 10 ਬੱਚਿਆਂ ਦੀ ਲਗਵਾਈ ਪੈਨਸ਼ਨ

ਜਲੰਧਰ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਮੁਤਾਬਕ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਰੁਪਿੰਦਰਜੀਤ ਚਹਿਲ ਦੀ ਯੋਗ ਰਹਿਨੁਮਾਈ ਹੇਠ ਅਜਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਅਜਾਦੀ ਕਾ ਅੰਮਿ੍ਤ ਮਹਾ ਉਤਸਵ ਦੇ ਬੈਨਰ ਹੇਠ ਪੈਨ ਇੰਡੀਆ ਅਵੇਅਰਨੈਸ ਅਤੇ ਆਊਟਰੀਚ ਪ੍ਰੋਗਰਾਮਾਂ ਤਹਿਤ ਅੱਜ ਜਿਲਾ ਪੱਧਰੀ ਲੀਗਲ ਏਡ ਕੈਂਪ ਦਾ ਆਯੋਜਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਕੀਤਾ ਗਿਆ।

ਇਸ ਮੌਕੇ ਜ਼ਿਲਾ ਅਤੇ ਸੈਸ਼ਨ ਜੱਜ ਮੈਡਮ ਰੁਪਿੰਦਰਜੀਤ ਚਹਿਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਅੱਜ ਦੇ ਕੈਂਪ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਵੱਖ-ਵੱਖ ਸਕੀਮਾਂ ਸਬੰਧੀ ਸਟਾਲ ਲਗਾਏ ਗਏ, ਜਿਸ ਤਹਿਤ ਕੋਰੋਨਾ ਕਾਰਨ ਅਨਾਥ ਹੋਏ 10 ਬੱਚਿਆਂ ਨੂੰ ਮੌਕੇ ’ਤੇ ਹੀ ਪੈਨਸ਼ਨਾਂ ਲਗਵਾਈਆਂ ਗਈਆਂ।

ਇਸ ਤੋਂ ਇਲਾਵਾ ਘਰ-ਘਰ ਰੋਜ਼ਗਾਰ ਯੋਜਨਾ ਤਹਿਤ 5 ਵਿਅਕਤੀਆਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਜ਼ਿਲਾ ਅਤੇ ਸੈਸ਼ਨ ਜੱਜ ਮੈਡਮ ਰੁਪਿੰਦਰਜੀਤ ਚਹਿਲ ਵਲੋਂ ਸੌਂਪੇ ਗਏ। ਕੈਂਪ ਦੌਰਾਨ 5 ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਵੀਲ ਚੇਅਰਜ਼ ਅਤੇ 5 ਲੋੜਵੰਦ ਔਰਤਾਂ ਨੂੰ ਮੌਕੇ ’ਤੇ ਹੀ ਸਿਲਾਈ ਮਸ਼ੀਨਾਂ ਮੁੱਹਈਆਂ ਕਰਵਾਈਆਂ ਗਈਆਂ ਹਨ।

ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਤਹਿਤ 8 ਲਾਭਪਾਤਰੀਆਂ ਨੂੰ ਬੀਮਾ ਯੋਜਨਾ ਦੇ ਕਾਰਡਾਂ ਸਮੇਤ ਪੈਨਸ਼ਨਾਂ ਦੇ 15 ਫਾਰਮ ਮੌਕੇ ’ਤੇ ਭਰੇ ਗਏ। ਕੈਂਪ ਦੌਰਾਨ ਮੌਕੇ ’ਤੇ ਹੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 20 ਵਿਅਕਤੀਆਂ ਨੂੰ ਉਨਾਂ ਦੇ ਅਦਾਲਤੀ ਕੇਸਾਂ ਵਿਚ ਵਕੀਲ ਦੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਕੋਰੋਨਾ ਟੀਕਾਕਰਨ ਕੈਂਪ ਵਿਚ ਲਗਭਗ 70 ਵਿਅਕਤੀਆਂ ਦਾ ਟੀਕਾਕਰਨ ਵੀ ਕੀਤਾ ਗਿਆ।

ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਰੁਪਿੰਦਰਜੀਤ ਚਹਿਲ ਨੇ ਦੱਸਿਆ ਕਿ ਜਿਲਾ ਪੱਧਰੀ ਲੀਗਲ ਏਡ ਕੈਂਪ ਵਿਚ ਜਿਲਾ ਜਲੰਧਰ ਦੇ ਵਿਭਾਗਾਂ ਜਿਵੇਂ ਸਮਾਜਿਕ ਸੁਰੱਖਿਆ ਦਫਤਰ, ਰੋਜ਼ਗਾਰ ਦਫਤਰ, ਰੈੱਡ ਕਰਾਸ ਦਫਤਰ, ਸਹਾਇਕ ਲੇਬਰ ਕਮਿਸ਼ਨਰ ਦਫਤਰ, ਜਿਲਾ ਲੀਡ ਬੈਂਕ ਦੇ ਦਫਤਰ, ਬਾਗਬਾਨੀ ਵਿਭਾਗ, ਜਿਲਾ ਬਾਲ ਸੁਰੱਖਿਆ ਦਫਤਰ, ਜਿਲਾ ਪ੍ਰੀਸ਼ਦ ਦਫਤਰ ਅਤੇ ਸਿਹਤ ਵਿਭਾਗ ਆਦਿ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਲਾਭ ਪ੍ਰਦਾਨ ਕੀਤੇ ਗਏ।

ਮੈਡਮ ਰੁਪਿੰਦਰਜੀਤ ਚਹਿਲ ਵਲੋਂ ਲਗਾਏ ਗਏ ਸਟਾਲਾਂ ਦਾ ਨਿਰੀਖਣ ਵੀ ਕੀਤਾ ਗਿਆ। ਇਸ ਮੌਕੇ ਸ਼੍ਰੀ ਮਨਜਿੰਦਰ ਸਿੰਘ, ਵਧੀਕ ਜਿਲਾ ਜੱਜ, ਡਾ. ਗਗਨਦੀਪ ਕੌਰ, ਸੀ.ਜੇ.ਐਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਅਤੇ ਸ਼੍ਰੀ ਅਮਿਤ ਕੁਮਾਰ ਗਰਗ, ਸੀ.ਜੇ.ਐਮ. ਹਾਜਰ ਸਨ। ਸੀ.ਜੇ.ਐਮ.ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਗਗਨਦੀਪ ਕੌਰ ਨੇ ਆਖਿਆ ਕਿ ਅੱਜ ਦੇ ਕੈਂਪ ਵਿੱਚ ਮੌਕੇ ’ਤੇ ਹੀ ਲੋੜਵੰਦ ਵਿਅਕਤੀਆਂ ਨੂੰ ਉਨਾ ਦੇ ਕੇਸਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ।

ਉਨਾਂ ਆਖਿਆ ਕਿ ਪੈਨ ਇੰਡੀਆ ਅਵੇਅਰਨੈਸ ਅਤੇ ਆਉਟਰੀਚ ਪ੍ਰੋਗਰਾਮਾਂ ਤਹਿਤ ਜਿਲਾ ਜਲੰਧਰ ਦੇ ਹਰੇਕ ਪਿੰਡ ਜਿਨਾਂ ਦੀ ਗਿਣਤੀ 890 ਹੈ ਦੇ ਨਾਲ-ਨਾਲ ਸਕੂਲਾਂ ਅਤੇ ਕਾਲਜਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਸਕੀਮਾਂ ਦਾ ਪ੍ਰਚਾਰ ਮਿਤੀ 02.10.2021 ਤੋਂ 14.11.2021 ਤੱਕ ਪੈਨਲ ਦੇ ਵਕੀਲਾਂ, ਪੈਰਾ ਲੀਗਲ ਵਲੰਟੀਅਰਾਂ, ਸਕੂਲਾਂ/ਕਾਲਜਾਂ ਦੇ ਮੁਖੀਆਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਰਾਹੀਂ ਕੀਤਾ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਮੁਫਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤ ਅਤੇ ਪੀੜਤ ਮੁਆਵਜਾ ਸਕੀਮਾਂ ਦਾ ਲਾਭ ਲੈਣ ਲਈ ਉਨਾਂ ਦੇ ਜਿਲਾ ਕਚਿਹਰੀਆਂ ਵਿੱਚ ਸਥਿਤ ਝਗੜਾ ਨਿਵਾਰਣ ਕੇਂਦਰ ਜਾਂ ਟੋਲ ਫ੍ਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ’ਤੇ ਕਾਲਜ ਦੇ ਵਿਦਿਆਰਥੀਆਂ ਵਲੋ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਦੀ ਮਹੱਤਤਾ ਪੇਸ਼ ਕਰਦੀ ਸਕਿੱਟ ਵੀ ਵਿਸ਼ੇਸ਼ ਤੌਰ ’ਤੇ ਕਰਵਾਈ ਗਈ। ਇਸ ਮੌਕੇ ’ਤੇ ਪੈਨਲ ਦੀ ਵਕੀਲ ਮੈਡਮ ਹਰਲੀਨ ਕੌਰ ਵੱਲੋਂ ਮੁਫਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤ ਅਤੇ ਪੀੜਤ ਮੁਆਵਜਾ ਸਕੀਮਾਂ ਸੰਬੰਧੀ ਵਿਸਥਾਰ ਨਾਲ ਜਾਣਾਕਾਰੀ ਦਿੱਤੀ ਗਈ ਅਤੇ ਜਨਤਾਂ ਨੂੰ ਪੈਂਫਲੈਟਸ ਵੀ ਵੰਡੇ ਗਏ।

ਟੀਵੀ ਪੰਜਾਬ ਬਿਊਰੋ

Exit mobile version