ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵਲੋਂ ਮੁੱਖ ਮੰਤਰੀ ਚੰਨੀ ‘ਤੇ ਤਨਜ਼ ਕੱਸਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੰਨੀ ਵਲੋਂ ਐਲਾਨ ਕਰਕੇ ਲੋਕਾਂ ਨੂੰ ਸਿਰਫ਼ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਸਿਰਫ਼ ਐਲਾਨ ਦੇ ਇਸ਼ਤਿਹਾਰ ਦੇ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਚੰਨੀ ਵਲੋਂ ਮੈਨੀਫੈਸਟੋ ‘ਚ ਕੀਤੇ ਵਾਅਦਿਆਂ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ।
ਨਵਜੋਤ ਸਿੰਘ ਸਿੱਧੂ ਨੂੰ ਵੱਡੀ ਰਾਹਤ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਆਮਦਨ ਕਰ ਵਿਭਾਗ ਵਿਰੁੱਧ ਮਾਮਲੇ ਵਿਚ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਹੁਣ ਆਮਦਨ ਕਰ ਕਮਿਸ਼ਨਰ ਦੇ ਸਾਲ 2016-17 ਦੀ ਆਮਦਨ ਦਾ ਗਲਤ ਮੁਲਾਂਕਣ ਕਰਨ ਦੇ ਹੁਕਮਾਂ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਇਸ ਦੇ ਖ਼ਿਲਾਫ਼ ਸਿੱਧੂ ਦੇ ਪੁਨਰ-ਜਵਾਬ ਨੂੰ ਖ਼ਾਰਜ ਕਰਦੇ ਹੋਏ ਮੁੜ ਵਿਚਾਰ ਕਰਨ ਦੇ ਹੁਕਮ ਦਿੱਤੇ ਹਨ।
ਟਿਫ਼ਨ ਬੰਬ ਤੇ ਚਾਰ ਹੈਂਡ ਗ੍ਰੇਨੇਡ ਬਰਾਮਦ
ਗੁਰਦਾਸਪੁਰ : ਪੰਜਾਬ ਪੁਲਿਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਲੀਮਪੁਰ ਅਫ਼ਗਾਨਾ ਤੋਂ ਇੱਕ ਟਿਫ਼ਨ ਬੰਬ ਅਤੇ ਚਾਰ ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਇਸ ਤੋਂ ਪਹਿਲਾਂ ਦੀਨਾਨਗਰ ਵਿਚ ਇਕ ਕਿਲੋ ਆਰਡੀਐੱਕਸ ਜ਼ਬਤ ਕੀਤਾ ਸੀ।
ਇਸ ਤੋਂ ਮਹਿਜ਼ 48 ਘੰਟੇ ਬਾਅਦ ਗੁਰਦਾਸਪੁਰ-ਕਰਤਾਰਪੁਰ ਕੋਰੀਡੋਰ ਰੋਡ ‘ਤੇ ਸ਼ਹਿਰ ਤੋਂ 5 ਕਿਲੋਮੀਟਰ ਦੂਰ ਸਲੇਮਪੁਰ ਤੋਂ ਚਾਰ ਹੱਥਗੋਲੇ ਅਤੇ ਟਿਫ਼ਨ ਬੰਬ ਬਰਾਮਦ ਕੀਤਾ ਗਿਆ। ਕਾਰੀਡੋਰ ਵੱਲ ਜਾਣ ਵਾਲੀ ਸੜਕ ਤੋਂ ਅਸਲਾ ਬਰਾਮਦ ਹੋਣ ’ਤੇ ਪੁਲਿਸ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।
ਵਾਲਮੀਕੀ ਧਰਮ ਸਮਾਜ ਵੱਲੋਂ ਹਵਾਈ ਅੱਡਾ ਮਾਰਗ ਜਾਮ
ਅੰਮ੍ਰਿਤਸਰ : ਗੁਰੂ ਗਿਆਨ ਨਾਥ ਵਾਲਮੀਕੀ ਧਰਮ ਸਮਾਜ ਵਲੋਂ ਅੱਜ ਵੱਖ-ਵੱਖ ਮਸਲਿਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਮਾਰਗ ਨੂੰ ਜਾਮ ਕੀਤਾ ਗਿਆ ਹੈ।
ਵਾਲਮੀਕੀ ਧਰਮ ਸਮਾਜ ਵਲੋਂ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ ਹਵਾਈ ਅੱਡੇ ’ਤੇ ਪੁੱਜਣ ਵਾਲੇ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਬਹੁਮਤ ਹੋਣ ਦੇ ਬਾਵਜੂਦ ਸਰਪੰਚ ਸਸਪੈਂਡ
ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੌਗਾਵਾਂ ਦੇ ਉੱਘੇ ਆਜ਼ਾਦੀ ਘੁਲਾਟੀਏ ਦੇ ਪਿੰਡ ਟਪਿਆਲਾ ਦੀ ਗੈਰ-ਕਾਂਗਰਸੀ ਪੰਚਾਇਤ ਦੀ ਸਰਪੰਚ ਰਾਜਿੰਦਰ ਕੌਰ ਨੂੰ ਬਹੁਮਤ ਹੋਣ ‘ਤੇ ਵੀ ਸਸਪੈਂਡ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਰੋਹ ਵਿਚ ਆਏ ਪਿੰਡ ਦੇ ਲੋਕਾਂ ਨੇ ਸਰਪੰਚ ਸ੍ਰੀਮਤੀ ਰਜਿੰਦਰ ਕੌਰ ਦੀ ਅਗਵਾਈ ‘ਚ ਹਲਕੇ ਦੇ ਮੰਤਰੀ ਅਤੇ ਬੀ.ਡੀ.ਪੀ.ਓ. ਖ਼ਿਲਾਫ਼ ਸਖ਼ਤ ਨਾਅਰੇਬਾਜ਼ੀ ਕੀਤੀ।
ਟੀਵੀ ਪੰਜਾਬ ਬਿਊਰੋ