Surrey- ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਨੇ ਭਾਈਚਾਰੇ ਦੇ ਨਾਮੀ ਮੈਂਬਰ ਅਤੇ ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ’ਚ ਫ਼ੈਡਰਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਹਰਦੀਪ ਸਿੰਘ ਨਿੱਝਰ ਦੀ ਬੀਤੀ 18 ਜੂਨ ਨੂੰ ਨਿਊਟਨ ਟਾਊਨ ਸੈਂਟਰ ’ਚ 120 ਸਟਰੀਟ ’ਤੇ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਹੀ ਕਤਲ ਦੇ ਜਾਂਚਕਰਤਾਵ ਨੇ ਇਸ ਮਾਮਲੇ ’ਚ ਦੋ ਸ਼ੱਕੀਆਂ ਦੀ ਪਹਿਚਾਣ ਕੀਤੀ ਹੈ ਪਰ ਕਤਲ ਦੇ ਉਦੇਸ਼ ਬਾਰੇ ਬਹੁਤੇ ਵੇਰਵੇ ਮੌਜੂਦ ਨਹੀਂ ਹਨ। ਭਾਈਚਾਰੇ ਨੇ ਇਸ ਪਟੀਸ਼ਨ ’ਚ ਨਿੱਝਰ ਦੇ ਕਤਲ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਦੱਸਦਿਆਂ ਇਸ ਮਾਮਲੇ ਦੀ ਫ਼ੈਡਰਲ ਜਾਂਚ ਲਈ ਜ਼ੋਰ ਪਾਇਆ ਹੈ। ਗੁਰਦੁਆਰੇ ਦੇ ਹੋਰ ਲੀਡਰਾਂ ਅਤੇ ਇਲਾਕੇ ਦੇ ਐਮ. ਪੀ. ਅਨੁਸਾਰ, ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਦਾ ਮੰਨਣਾ ਹੈ ਕਿ ਇਹ ਕਤਲ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਨਤੀਜਾ ਹੈ। ਇਸ ਕਾਰਨ ਮਾਮਲੇ ਦੀ ਜਾਂਚ ਫ਼ੈਡਰਲ ਸਰਕਾਰ ਨੂੰ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ’ਚ ਗੁਰਦੁਆਰਾ ਸਾਹਿਬ ਦੇ ਸਕੱਤਕ ਗੁਰਮੀਤ ਸਿੰਘ ਤੂਰ ਨੇ ਇੱਕ ਫ਼ੈਡਰਲ ਈ-ਪਟੀਸ਼ਨ ਵੀ ਦਾਇਰ ਕੀਤੀ ਜਿਸ ’ਚ ਸਰਕਾਰ ਨੂੰ ਜਾਂਚ ਸ਼ੁਰੂ ਕਰਨ, ਇਸ ਕਤਲ ਦੇ ਮਕਸਦ ਅਤੇ ਇਸਨੂੰ ਅੰਜਾਮ ਦੇਣ ਵਾਲਿਆਂ ਦਾ ਪਰਦਾਫ਼ਾਸ਼ ਕਰਨ ਲਈ ਆਖਿਆ ਗਿਆ ਸੀ।