ਉਡਾਣ ਭਰਦਿਆਂ ਹੀ ‘ਹਵਾ’ ’ਚ ਰੁਕੇ ਪਾਇਲਟ ਦੇ ਸਾਹ, ਜਾਣੋ ਕਿੰਝ ਬਚੀ 271 ਯਾਤਰੀਆਂ ਦੀ ਜਾਨ

Washington- ਮਿਆਮੀ ਤੋਂ ਚਿਲੀ ਜਾ ਰਹੀ ਇੱਕ ਫਲਾਈਟ ’ਚ ਪਾਇਲਟ ਦੀ ਬਾਥਰੂਮ ’ਚ ਮੌਤ ਹੋ ਗਈ। ਇਸ ਦੇ ਚੱਲਦਿਆਂ ਉਕਤ ਉਡਾਣ ਦੀ ਪਨਾਮਾ ’ਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਜਾਣਕਾਰੀ ਮੁਤਾਬਕ ਇਸ ਉਡਾਣ ’ਚ 271 ਯਾਤਰੀ ਸਵਾਰ ਸਨ। ਮਿ੍ਰਤਕ ਕੈਪਟਨ ਦਾ ਨਾਂ ਇਵਾਨ ਏਨਡੌਰ ਹੈ ਅਤੇ ਉਨ੍ਹਾਂ ਦੀ ਉਮਰ 56 ਵਰ੍ਹੇ ਸੀ।
ਮਿਲੀ ਜਾਣਕਾਰੀ ਮੁਤਾਬਕ ਏਨਡੌਰ LATAM  ਦਾ ਜਹਾਜ਼ ਉਡਾ ਰਹੇ ਸਨ ਅਤੇ ਉਡਾਣ ਭਰਨ ਤੋਂ ਕਰੀਬ ਤਿੰਨ ਘੰਟਿਆਂ ਮਗਰੋਂ ਉਨ੍ਹਾਂ ਨੂੰ ਸੀਨੇ ’ਚ ਤੇਜ਼ ਦਰਦ ਮਹਿਸੂਸ ਹੋਇਆ। ਇਸ ਮਗਰੋਂ ਉਹ ਬਾਥਰੂਮ ’ਚ ਡਿੱਗ ਪਏ। ਇੱਕ ਮੀਡੀਆ ਰਿਪੋਰਟ ਮੁਤਾਬਕ ਫਲਾਈਟ ’ਚ ਮੌਜੂਦ ਇੱਕ ਨਰਸ ਅਤੇ ਦੋ ਡਾਕਟਰ ਯਾਤਰੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੇ ਚੱਲਦਿਆਂ ਦੂਜੇ ਦੋ ਸਹਾਇਕ ਪਾਇਲਟਾਂ ਨੇ ਪਨਾਮਾ ’ਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਈ। LATAM ਗਰੁੱਪ ਨੇ ਆਪਣੇ ਬਿਆਨ ’ਚ ਦੱਸਿਆ ਕਿ ਮਿਆਮੀ ਤੋਂ ਸੈਂਟੀਆਗੋ ਜਾ ਰਹੀ ਫਲਾਈਟ LA505 ਨੂੰ ਹੈਲਥ ਐਮਰਜੈਂਸੀ ਦੇ ਚੱਲਦਿਆਂ ਪਨਾਮਾ ਸਿਟੀ ਦੇ ਟੋਕੁਮੈਨ ਕੌਮਾਂਤਰੀ ਹਵਾਈ ਅੱਡੇ ’ਤੇ ਲੈਂਡ ਕਰਾਉਣਾ ਪਿਆ। ਜਦੋਂ ਫਲਾਈਟ ਲੈਂਡ ਹੋਈ ਤਾਂ ਐਮਰਜੈਂਸੀ ਸਰਵਿਸਿਜ਼ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ ਜੋ ਕੁਝ ਵੀ ਹੋਇਆ, ਅਸੀਂ ਉਸ ਕਾਰਨ ਬਹੁਤ ਦੁਖੀ ਹਾਂ। ਏਅਰਲਾਈਨ ਨੇ ਪਾਇਲਟ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਏਅਰਲਾਈਨ ਨੇ ਕਿਹਾ, ‘‘ਅਸੀਂ ਉਨ੍ਹਾਂ ਦੇ 25 ਸਾਲਾਂ ਦੇ ਕਰੀਅਰ ਅਤੇ ਅਹਿਮ ਯੋਗਦਨਾ ਲਈ ਸ਼ੁਕਰਗੁਜ਼ਾਰ ਹਾਂ, ਜਿਸ ਨੂੰ ਉਨ੍ਹਾਂ ਨੇ ਪੂਰੀ ਲਗਨ ਅਤੇ ਪੇਸ਼ੇਵਰ ਤਰੀਕੇ ਨਾਲ ਨਿਭਾਇਆ।’’ ਇੱਕ ਮੀਡੀਆ ਰਿਪੋਰਟ ਮੁਤਾਬਕ ਫਲਾਈਟ ’ਚ ਮੌਜੂਦ ਇਸਾਡੋਰਾ ਨਾਮੀ ਨਰਸ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਨਾਲ ਦੇ ਦੋ ਡਾਕਟਰਾਂ ਨੇ ਪਾਇਲਟ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਫਲਾਈਟ ’ਚ ਐਮਰਜੈਂਸੀ ਸਹੂਲਤਾਂ ਦੀ ਕਮੀ ਦੇ ਚੱਲਦਿਆਂ ਉਹ ਪਾਇਲਟ ਨੂੰ ਨਹੀਂ ਬਚਾ ਸਕੇ। ਦੱਸ ਦਈਏ ਕਿ ਇਹ ਘਟਨਾ ਬੀਤੀ 13 ਅਗਸਤ ਦੀ ਦੱਸੀ ਜਾ ਰਹੀ ਹੈ।