ਲੁਧਿਆਣਾ : ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਰਾਸ਼ਟਰੀ ਖੇਤੀ ਉਚ ਸਿੱਖਿਆ ਪ੍ਰੋਜੈਕਟ ਵੱਲੋਂ ਪੀ.ਏ.ਯੂ. ਦੇ ਕੈਂਪਸ ਨੂੰ ਪਿਛਲੇ ਸਾਲ ਲਈ ਸਭ ਤੋਂ ਸਾਫ-ਸੁਥਰੇ ਅਤੇ ਹਰੇ ਭਰੇ ਕੈਂਪਸ ਦਾ ਐਵਾਰਡ ਪ੍ਰਾਪਤ ਹੋਇਆ ਹੈ ।
ਇਸ ਵਿਚ 10 ਲੱਖ ਰੁਪਏ ਦੀ ਰਾਸ਼ੀ ਅਤੇ ਪ੍ਰਮਾਣ ਪੱਤਰ ਸ਼ਾਮਿਲ ਹੈ । ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਸਰਕਾਰ ਦੇ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਰਵਾਈ ਵਾਈਸ ਚਾਂਸਲਰਾਂ ਦੀ ਕਾਨਫਰੰਸ ਵਿੱਚ ਪੀ.ਏ.ਯੂ. ਨੂੰ ਇਹ ਇਨਾਮ ਪ੍ਰਦਾਨ ਕੀਤਾ।
ਇਸ ਐਵਾਰਡ ਦਾ ਉਦੇਸ਼ ਸੰਸਥਾਵਾਂ ਦੇ ਕੈਂਪਸ ਨੂੰ ਵਾਤਾਵਰਨ ਪੱਖੀ ਵਿਧੀਆਂ ਨਾਲ ਜੋੜਨਾ ਹੈ । ਇਸ ਨਾਲ ਵਾਤਾਵਰਨੀ ਸੱਭਿਆਚਾਰ ਦੇ ਵਿਕਾਸ ਲਈ ਕੰਮ ਕਰਨ ਦਾ ਮੌਕਾ ਸੰਸਥਾਵਾਂ ਨੂੰ ਪ੍ਰਾਪਤ ਹੁੰਦਾ ਹੈ ।
ਆਨਲਾਈਨ ਹੋਏ ਇਸ ਸਮਾਗਮ ਵਿਚ ਨਰਿੰਦਰ ਮੋਦੀ ਨੇ ਸਵੱਛ ਭਾਰਤ ਅਭਿਆਨ ਤਹਿਤ ਇਹ ਐਵਾਰਡ ਦੇਸ਼ ਦੀਆਂ ਚਾਰ ਖੇਤੀ ਯੂਨੀਵਰਸਿਟੀਆਂ ਨੂੰ ਦਿੱਤੇ । ਦੂਜਾ ਇਨਾਮ ਤਾਮਿਲਨਾਡੂ ਖੇਤੀ ਯੂਨੀਵਰਸਿਟੀ ਨੂੰ ਮਿਲਿਆ ।
ਤੀਸਰਾ ਐਵਾਰਡ ਮੁੰਬਈ ਦੀ ਕੇਂਦਰੀ ਯੂਨੀਵਰਸਿਟੀ ਅਤੇ ਚੌਥਾ ਇਨਾਮ ਧਾਰਵਾੜ ਖੇਤੀ ਯੂਨੀਵਰਸਿਟੀ ਕਰਨਾਟਕਾ ਨੂੰ ਪ੍ਰਦਾਨ ਕੀਤਾ ਗਿਆ । ਇਸ ਐਵਾਰਡ ਲਈ ਬਣਾਏ ਮਾਪਦੰਡਾਂ ਵਿੱਚ ਕੈਂਪਸ ਵਿਚ ਹਰਿਆਲੀ, ਕੂੜੇ ਦਾ ਪ੍ਰਬੰਧਨ, ਊਰਜਾ ਸੁਰੱਖਿਆ ਆਦਿ ਧਿਆਨ ਵਿਚ ਰੱਖੇ ਜਾਂਦੇ ਹਨ ।
ਪੀ.ਏ.ਯੂ. ਦੇ ਵਾਈਸ ਚਾਂਸਲਰ ਅਨਿਰੁਧ ਤਿਵਾੜੀ ਨੇ ਅਧਿਕਾਰੀਆਂ, ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਨੂੰ ਇਸ ਐਵਾਰਡ ਲਈ ਵਧਾਈ ਦਿੱਤੀ ।
ਟੀਵੀ ਪੰਜਾਬ ਬਿਊਰੋ