Site icon TV Punjab | Punjabi News Channel

ਸਿਆਸੀ ਗੁਰੂ ਸਰਦਾਰ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਚੰਡੀਗੜ੍ਹ ਪਹੁੰਚਣਗੇ ਪੀ.ਐੱਮ ਮੋਦੀ

ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸੇ ਵੇਲੇ ਸਿਆਸਤ ਦੇ ਗੁਰ ਸਿਖਾਉਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬਾਦਲ ਦਾ ਦਿਹਾਂਤ ਹੋ ਗਿਆ ਹੈ । ਪ੍ਰਧਾਨ ਮੰਤਰੀ ਮੋਦੀ ਸਰਦਾਰ ਬਾਦਲ ਦੀ ਹਮੇਸ਼ਾ ਇੱਜ਼ਤ ਕਰਦੇ ਰਹੇ ਹਨ । ਸਰਦਾਰ ਬਾਦਲ ਦੀ ਮੋਤ ਦੀ ਖਬਰ ਸੁਣ ਪ੍ਰਧਾਨ ਮੰਤਰੀ ਆਪਣੇ ਅੳਾਪ ਨੂੰ ਰੋਕ ਨਾ ਸਕੇ । ਖਬਰ ਹੈ ਕਿ ਪੀ.ਐੱਮ ਅੱਜ ਸਰਦਾਰ ਬਾਦਲ ਦੇ ਅੰਤਿਮ ਦਰਸ਼ਨ ਕਰਨ ਲਈ ਚੰਡੀਗੜ੍ਹ ਆ ਰਹੇ ਹਨ ।

ਪੀ.ਐੱਮ. ਮੋਦੀ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਉਹ ਬਹੁਤ ਦੁਖੀ ਹਨ। ਪ੍ਰਕਾਸ਼ ਸਿੰਘ ਬਾਦਲ ਭਾਰਤੀ ਸਿਆਸਤ ਦੀ ਇੱਕ ਮਹਾਨ ਸ਼ਖਸੀਅਤ ਅਤੇ ਕਮਾਲ ਦੇ ਨੇਤਾ ਸਨ। ਜਿਨ੍ਹਾਂ ਨੇ ਸਾਡੇ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਇਆ। ਪੰਜਾਬ ਦੀ ਤਰੱਕੀ ਲਈ ਅਣਥੱਕ ਮਿਹਨਤ ਕੀਤੀ ਅਤੇ ਔਖੇ ਸਮੇਂ ਵਿੱਚ ਸੂਬੇ ਦਾ ਸਾਥ ਦਿੱਤਾ।

ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਹੈ। ਕੇਂਦਰ ਸਰਕਾਰ ਨੇ ਬਾਦਲ ਦੀ ਮੌਤ ‘ਤੇ ਦੋ ਦਿਨਾਂ (26 ਅਤੇ 27 ਅਪ੍ਰੈਲ) ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰਾਸ਼ਟਰੀ ਝੰਡਾ ਅੱਧੇ ਝੁਕੇ ਰਹੇਗਾ ਅਤੇ ਕੋਈ ਵੀ ਸਰਕਾਰੀ ਮਨੋਰੰਜਨ ਪ੍ਰੋਗਰਾਮ ਨਹੀਂ ਹੋਵੇਗਾ।

ਦੂਜੇ ਪਾਸੇ ਫੋਰਟਿਸ ਹਸਪਤਾਲ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਲਿਜਾਇਆ ਜਾ ਰਿਹਾ ਹੈ। ਇਥੇ ਅੰਤਿਮ ਦਰਸ਼ਨਾਂ ਲਈ ਮ੍ਰਿਤਕ ਦੇਹ ਨੂੰ ਰਖਿਆ ਜਾਵੇਗਾ।

ਉਥੇ ਹੀ ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬਾਦਲ ਦਿਹਾਂਤ ‘ਤੇ 27 ਅਪ੍ਰੈਲ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਾਰੇ ਦਫਤਰ ਅਤੇ ਸਰਕਾਰੀ ਸੰਸਥਾਵਾਂ ਬੰਦ ਰਹਿਣਗੇ। ਦੱਸ ਦੇਈਏ ਕਿ 27 ਅਪ੍ਰੈਲ ਨੂੰ ਜੱਦੀ ਪਿੰਡ ‘ਚ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Exit mobile version