ਠੰਢ ਨੇ ਦਿੱਲੀ ‘ਚ ਤੋੜੇ ਸਾਰੇ ਰਿਕਾਰਡ, ਪੰਜਾਬ ਦਾ ਵੀ ਬੁਰਾ ਹਾਲ

ਨਵੀਂ ਦਿੱਲੀ – ਪਾਰਾ ਡਿੱਗਣ ਨਾਲ ਪੂਰਾ ਉੱਤਰ ਭਾਰਤ ਕੜਾਕੇ ਦੀ ਠੰਢ ਦੀ ਲਪੇਟ ‘ਚ ਹੈ। ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ‘ਚ ਕੜਾਕੇ ਦੀ ਠੰਢ ਜਾਰੀ ਹੈ। ਰਾਜਧਾਨੀ ‘ਚ ਸ਼ੁੱਕਰਵਾਰ ਨੂੰ ਠੰਢ ਨੇ ਸਾਰੇ ਰਿਕਾਰਡ ਤੋੜ ਦਿੱਤੇ। ਸਥਿਤੀ ਇਹ ਰਹੀ ਕਿ ਸ਼ੁੱਕਰਵਾਰ ਨੂੰ ਦਿੱਲੀ ਦੇ ਕਈ ਇਲਾਕਿਆਂ ਦਾ ਤਾਪਮਾਨ ਸ਼ਿਮਲਾ ਤੋਂ ਵੀ ਘੱਟ ਦਰਜ ਕੀਤਾ ਗਿਆ।

ਦਿੱਲੀ ਦੇ ਆਯਾ ਨਗਰ ਵਿੱਚ ਤਾਪਮਾਨ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਸ਼ਿਮਲਾ ਦਾ ਤਾਪਮਾਨ ਸ਼ੁੱਕਰਵਾਰ ਨੂੰ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਵਿੱਚ ਇਹ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ। ਇਸ ਤੋਂ ਪਹਿਲਾਂ ਵੀਰਵਾਰ ਸਭ ਤੋਂ ਠੰਢ ਦਿਨ ਸੀ। ਇਸ ਦੇ ਨਾਲ ਹੀ ਦਿੱਲੀ ਦੇ ਸਫਦਰਜੰਗ ਇਲਾਕੇ ‘ਚ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਦੱਸ ਦੇਈਏ ਕਿ ਕੱਲ੍ਹ ਦਿੱਲੀ ਵਿੱਚ ਤਾਪਮਾਨ 2.2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ, ਜੋ ਸ਼ਿਮਲਾ ਸਮੇਤ ਕਈ ਪਹਾੜੀ ਸਥਾਨਾਂ ਤੋਂ ਘੱਟ ਸੀ। ਇਸ ਤੋਂ ਪਹਿਲਾਂ 2021 ਵਿੱਚ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਇਸ ਦੌਰਾਨ ਘੱਟੋ-ਘੱਟ ਤਾਪਮਾਨ 1.1 ਡਿਗਰੀ ਦਰਜ ਕੀਤਾ ਗਿਆ।

ਬੀਤੇ ਦਿਨ ਦਿੱਲੀ ਦਾ ਘੱਟੋ-ਘੱਟ ਤਾਪਮਾਨ ਡਲਹੌਜ਼ੀ (4.9°C), ਧਰਮਸ਼ਾਲਾ (5.2°C), ਕਾਂਗੜਾ (3.2°C), ਸ਼ਿਮਲਾ (3.7°C), ਦੇਹਰਾਦੂਨ (4.6°C), ਮਸੂਰੀ (4.4°C) ਅਤੇ ਨੈਨੀਤਾਲ (6.2°C) ਤੋਂ ਘੱਟ ਸੀ। ਜਦੋਂਕਿ ਦਿੱਲੀ ਦੇ ਲੋਧੀ ਰੋਡ, ਅਯਾਨਗਰ ਅਤੇ ਰਿਜ ਮੌਸਮ ਸਟੇਸ਼ਨਾਂ ‘ਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 2.8 ਡਿਗਰੀ ਸੈਲਸੀਅਸ, 2.2 ਡਿਗਰੀ ਅਤੇ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਦਿੱਲੀ ਦੇ ਤਾਪਮਾਨ ‘ਚ ਕੱਲ੍ਹ ਨਾਲੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ।

ਮੌਸਮ ਵਿਭਾਗ ਮੁਤਾਬਕ ਦਿੱਲੀ ਦੇ ਲੋਕਾਂ ਨੂੰ ਇਸ ਹਫ਼ਤੇ ਦੇ ਅੰਤ ‘ਚ ਠੰਢ ਤੋਂ ਰਾਹਤ ਨਹੀਂ ਮਿਲੇਗੀ। ਹਾਲਾਂਕਿ ਨਵੀਂ ਵੈਸਟਰਨ ਡਿਸਟਰਬੈਂਸ ਕਾਰਨ 8 ਜਨਵਰੀ ਤੋਂ ਇੱਕ ਵਾਰ ਫਿਰ ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ, ਜਿਸ ਨਾਲ ਠੰਢ ਤੋਂ ਕੁਝ ਹੱਦ ਤੱਕ ਰਾਹਤ ਮਿਲੇਗੀ। ਆਈਐਮਡੀ ਦੀ ਭਵਿੱਖਬਾਣੀ ਮੁਤਾਬਕ 7 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਅਤੇ 8 ਜਨਵਰੀ ਤੋਂ ਅਗਲੇ ਕੁਝ ਦਿਨਾਂ ਤੱਕ ਤਾਪਮਾਨ 7 ਤੋਂ 9 ਡਿਗਰੀ ਰਹਿ ਸਕਦਾ ਹੈ। ਇਸ ਦੇ ਨਾਲ ਹੀ ਧੁੰਦ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।