Site icon TV Punjab | Punjabi News Channel

PM ਮੋਦੀ ਨੇ ਅਹੁਦਾ ਸੰਭਾਲਦਿਆਂ ਹੀ ਪਹਿਲੀ ਫਾਈਲ ‘ਤੇ ਕੀਤੇ ਸਾਈਨ, ਕਿਸਾਨਾਂ ਲਈ ਲਿਆ ਵੱਡਾ ਫੈਸਲਾ

ਡੈਸਕ- PM ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਦੇ ਨਾਲ 71 ਮੰਤਰੀਆਂ ਨੇ ਵੀ ਅਹੁਦੇ ਦੀ ਸਹੁੰ ਚੁੱਕੀ, ਜਿਸ ਵਿੱਚ 11 ਸਹਿਯੋਗੀ ਪਾਰਟੀਆਂ ਦੇ ਮੰਤਰੀ ਸ਼ਾਮਿਲ ਹਨ। ਸਹੁੰ ਚੁੱਕਣ ਤੋਂ ਬਾਅਦ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ PM ਦਫਤਰ ਪਹੁੰਚ ਕੇ ਅਹੁਦਾ ਸੰਭਾਲਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨ ਸਨਮਾਨ ਨਿਧੀ ਦੀ ਫਾਈਲ ਸਾਈਨ ਕੀਤੀ। PMO ਪਹੁੰਚਣ ‘ਤੇ ਕਰਮਚਾਰੀਆਂ ਨੇ ਮੋਦੀ ਦਾ ਸਵਾਗਤ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਪੀਐੱਮ ਕਿਸਾਨ ਨਿਧੀ ਸਨਮਾਨ ਯੋਜਨਾ ਦੀ 17ਵੀਂ ਕਿਸ਼ਤ ਨਾਲ ਜੁੜੀ ਫਾਈਲ ਨੂੰ ਹਰੀ ਝੰਡੀ ਦਿੱਤੀ। ਇਸਦੇ ਤਹਿਤ ਲਭਗ 20 ਹਜ਼ਾਰ ਕਰੋੜ ਰੁਪਏ ਵੰਡੇ ਜਾਣਗੇ। ਜਿਸ ਨਾਲ ਦੇਸ਼ ਦੇ 9.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨ ਕਲਿਆਣ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ। ਇਸਦੇ ਲਈ ਇਹ ਜ਼ਰੂਰੀ ਸੀ ਕਿ ਪਹਿਲੀ ਫਾਈਲ ਜਿਸ ‘ਤੇ ਸਾਈਨ ਕੀਤੇ ਜਾਣੇ ਹਨ, ਉਹ ਕਿਸਾਨਾਂ ਦੇ ਕਲਿਆਣ ਨਾਲ ਜੁੜੀ ਹੋਵੇ। ਅਸੀਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੇ ਲਈ ਅਤੇ ਖੇਤੀਬਾੜੀ ਸੈਕਟਰ ਦੇ ਲਈ ਵੱਧ ਤੋਂ ਵੱਧ ਕੰਮ ਕਰਨਾ ਚਾਹੁੰਦੇ ਹਾਂ।

ਦੱਸ ਦੇਈਏ ਕਿ ਸੋਮਵਾਰ ਸ਼ਾਮ ਨੂੰ 5 ਵਜੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਕੈਬਨਿਟ ਦੀ ਪਹਿਲੀ ਬੈਠਕ ਸੱਦੀ ਗਈ ਹੈ। ਇਸ ਬੈਠਕ ਵਿੱਚ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਵੰਡੇ ਜਾ ਸਕਦੇ ਹਨ। ਨਾਲ ਹੀ ਸਰਕਾਰ ਦੇ ਪਹਿਲੇ 100 ਦਿਨ ਦੇ ਰੋਡ ਮੈਪ ‘ਤੇ ਚਰਚਾ ਹੋਵੇਗੀ। ਇਸ ਵਿਚਾਲੇ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਦੇ ਵਿਭਾਗ ਨਹੀਂ ਬਦਲੇ ਜਾਣਗੇ। ਉੱਥੇ ਹੀ ਇਸ ਮੀਟਿੰਗ ਵਿੱਚ ਕਈ ਵੱਡੀ ਫੈਸਲੇ ਲਏ ਜਾ ਸਕਦੇ ਹਨ। ਜਿਨ੍ਹਾਂ ਵਿੱਚ ਮੋਦੀ ਕੈਬਨਿਟ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਦੋ ਕਰੋੜ ਵਾਧੂ ਘਰਾਂ ਨੂੰ ਮਨਜ਼ੂਰੀ ਮਿਲ ਸਕਦੀ ਹੈ। ਉੱਥੇ ਹੀ ਇਸ ਯੋਜਨਾ ਵਿੱਚ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਮਦਦ ਵਿੱਚ ਕਰੀਬ 50 ਫ਼ੀਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ।

Exit mobile version