Trudeau ਨੇ ਮੂਲ ਨਿਵਾਸੀਆਂ ਤੋਂ ਮੰਗੀ ਮਾਫ਼ੀ

Ottawa – ਸਸਕੈਚਵਾਨ ਦੇ ਸਾਬਕਾ ਰਿਹਾਇਸ਼ੀ ਸਕੂਲ ‘ਚ 751 ਨਿਸ਼ਾਨ ਰਹਿਤ ਕਬਰਾਂ ਮਿਲੀਆਂ ਹਨ। ਇਸ ਮਾਮਲੇ ਦੇ ਸੰਬੰਧ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਆਫ਼ੀ ਮੰਗੀ ਹੈ। ਪ੍ਰਧਾਨ ਮੰਤਰੀ ਨੇ ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਮੂਲ ਨਿਵਾਸੀ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਇਸ ਘਟਨਾ ਬਾਰੇ ਬਿਆਨ ਸਾਹਮਣੇ ਆਇਆ ਸੀ।

ਉਨ੍ਹਾਂ ਵੱਲੋਂ ਇਸ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ । ਪ੍ਰਧਾਨ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਗਿਆ ਕਿ ਇਸ ਵਾਰ ਦਾ ਕੈਨੇਡਾ ਡੇਅ ਮੂਲ ਨਿਵਾਸੀਆਂ ਦੇ ਨਾਮ ਰਹੇਗਾ। ਜਿਕਰਯੋਗ ਹੈ ਕਿ ਫੈਡਰੇਸ਼ਨ ਆਫ਼ ਸਵਰਨਲ ਇੰਡਿਜਿਨਿਅਨ ਨੇਸ਼ਨਜ਼ (ਐਫਐਸਆਈਐਨ) ਅਤੇ ਸਸਕੈਚਵਨ ਵਿਚ ਕਵੀਸੇਸ ਫਰਸਟ ਨੇਸ਼ਨ ਵੱਲੋਂ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਮੈਰੀਵਾਲ ਦੇ ਸਾਬਕਾ ਰਿਹਾਇਸ਼ੀ ਸਕੂਲ ‘ਚ 751 ਬੇਨਾਮ ਕਬਰਾਂ ਮਿਲੀਆਂ ਹਨ। ਇਹ ਐਲਾਨ ਐਫਐਸਆਈਐਨ ਦੇ ਮੁਖੀ ਬੌਬੀ ਕੈਮਰਨ ਅਤੇ ਕਾਓਸੇਸੇਸ ਫਸਟ ਨੇਸ਼ਨ ਚੀਫ ਕੈਡਮਸ ਡੇਲੋਰਮੇ ਦੁਆਰਾ ਜ਼ੂਮ ‘ਤੇ ਕੀਤਾ ਗਿਆ। ਦੱਸ ਦਇਏ ਕਿ ਇਸ ਤੋਂ ਪਹਿਲਾਂ ਕਮਲੂਪਜ਼ ਦੇ ਇਕ ਸਾਬਕਾ ਰਿਹਾਇਸ਼ੀ ਸਕੂਲ ‘ਚ 215 ਬੱਚਿਆਂ ਦੇ ਅਵਸ਼ੇਸ਼ ਮਿਲੇ ਸਨ। ਤਾਜ਼ਾ ਮਾਮਲਾ ਸਾਹਮਣੇ ਆਉਣ ਬਾਅਦ ਚੀਫ ਡੀਲੋਰਮੇ ਨੇ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਸਾਰੀਆ ਨਿਸ਼ਾਨ-ਰਹਿਤ ਕਬਰਾਂ ਵਿੱਚ ਬੱਚੇ ਸਨ ਜਾਂ ਫ਼ਿਰ ਨਹੀਂ। ਜਾਣਕਾਰੀ ਮੁਤਾਬਕ ਰਿਹਾਇਸ਼ੀ ਸਕੂਲ ਦਾ ਕਬਰਸਤਾਨ ਰੋਮਨ ਕੈਥੋਲਿਕ ਚਰਚ ਦੁਆਰਾ ਚਲਾਇਆ ਜਾਂਦਾ ਸੀ।ਨੈਸ਼ਨਲ ਸੈਂਟਰ ਫਾਰ ਟੂਥ ਐਂਡ ਰੀਕਨਸੀਲੇਸ਼ਨ ਰਿਕਾਰਡਾਂ ਦੇ ਅਨੁਸਾਰ ਸਕੂਲ ਰੋਮਨ ਕੈਥੋਲਿਕ ਮਿਸ਼ਨਰੀਆਂ ਦੁਆਰਾ ਬਣਾਇਆ ਗਿਆ ਸੀ। ਸੰਘੀ ਸਰਕਾਰ ਵੱਲੋਂ 1901 ਵਿਚ ਸਕੂਲ ਨੂੰ ਫੰਡ ਦੇਣ ਦੀ ਸ਼ੁਰੂਆਤ ਕੀਤੀ।