ਪ੍ਰਧਾਨ ਮੰਤਰੀ ਨੂੰ ਨਵੇਂ ਘਰ ਕੀ ਕੋਈ ਲੋੜ ਨਹੀਂ- ਪੋਈਲਿਵਰ

Ottawa- ਕੰਜ਼ਰਵੇਟਿਵ ਆਗੂ ਪਿਏਰੇ ਪੋਇਲੀਵਰ ਨੇ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਨਵੀਂ ਸਰਕਾਰੀ ਰਿਹਾਇਸ਼ ਬਣਾਉਣਾ ਜਾਂ ਉਸ ਨੂੰ ਠੀਕ ਕਰਨਾ ਉਨ੍ਹਾਂ ਦੇ ਏਜੰਡੇ ਦੀ ਆਖ਼ਰੀ ਚੀਜ਼ ਹੁੰਦੀ। ਬੀਤੇ ਦਿਨੀਂ ਇਹ ਗੱਲ ਸਾਹਮਣੇ ਆਈ ਸੀ ਕਿ ਫੈਡਰਲ ਸਰਕਾਰ 24 ਸਸੇਕਸ ਨੂੰ ਬਦਲਣ ਲਈ ਵੱਖ-ਵੱਖ ਵਿਕਲਪਾਂ ਅਤੇ ਜ਼ਮੀਨ ਦੇ ਵੱਖ-ਵੱਖ ਪਲਾਟਾਂ ’ਤੇ ਵਿਚਾਰ ਕਰ ਰਹੀ ਹੈ ਜਿੱਥੇ ਉਹ ਅੱਜ ਦੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਵਾਲੀ ਇੱਕ ਅਧਿਕਾਰਤ ਰਿਹਾਇਸ਼ ਬਣਾ ਸਕਦੀ ਹੈ।
ਓਨਟਾਰੀਓ ਦੇ ਓਸ਼ਾਵਾ ’ਚ ਮੰਗਲਵਾਰ ਨੂੰ ਇੱਕ ਗੈਰ-ਸੰਬੰਧਿਤ ਪ੍ਰੈਸ ਕਾਨਫਰੰਸ ਦੌਰਾਨ ਪੋਇਲੀਵਰ ਨੂੰ ਜਦੋਂ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਸਰਕਾਰੀ ਰਿਹਾਇਸ਼ ਦਾ ਕੀ ਕਰਨਗੇ ਤਾਂ ਉਨ੍ਹਾਂ ਨੇ ਇਹ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਇਸ ’ਚ ਕੋਈ ਦਿਲਚਸਪੀ ਨਹੀਂ ਹੈ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਮੇਰੀ ਤਰਜੀਹਾਂ ਦੀ ਸੂਚੀ ’ਚੋਂ, ਇਹ ਸ਼ਾਇਦ ਆਖਰੀ ਹੋਵੇਗੀ।’’ ਪੋਇਲੀਵਰ ਨੇ ਕਿਹਾ, “ਸਾਨੂੰ ਪ੍ਰਧਾਨ ਮੰਤਰੀ ਲਈ ਨਵੇਂ ਘਰ ਦੀ ਲੋੜ ਨਹੀਂ ਹੈ। ਸਾਨੂੰ ਵਰਕਿੰਗ-ਕਲਾਸ ਕੈਨੇਡੀਅਨਾਂ ਲਈ ਇੱਕ ਨਵੇਂ ਘਰ ਦੀ ਲੋੜ ਹੈ।’’
ਦੱਸਣਯੋਗ ਹੈ ਕਿ 1868 ’ਚ ਬਣਿਆ 24 ਸਸੇਕਸ ਡਰਾਈਵ ਇੱਕ 35 ਕਮਰਿਆਂ ਵਾਲਾ, ਚਾਰ ਮੰਜ਼ਿਲਾ ਮਹਿਲ ਹੈ, ਜਿਸ ਦੀ ਵਰਤੋਂ ਸਾਲ 1951 ਤੋਂ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਜੋਂ ਕੀਤੀ ਜਾਂਦੀ ਹੈ। ਸਾਲ 2015 ਦੀਆਂ ਚੋਣਾਂ ’ਚ ਹਾਰ ਮਗਰੋਂ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਮਹਿਲ ਨੂੰ ਖ਼ਾਲੀ ਕੀਤਾ ਸੀ ਅਤੇ ਉਦੋਂ ਤੋਂ ਹੀ ਇਹ ਖ਼ਾਲੀ ਪਿਆ ਹੈ। ਵਾਰ-ਵਾਰ ਪ੍ਰਧਾਨ ਮੰਤਰੀ ਤਾਂ ਬਦਲਦੇ ਰਹੇ ਪਰ ਕਿਸੇ ਨੇ ਵੀ ਇਸ ਮਹਿਲ ਦੀ ਮੁਰੰਮਤ ’ਤੇ ਧਿਆਨ ਨਾ ਦਿੱਤਾ, ਜਿਸ ਕਾਰਨ ਇਸ ਦੀ ਹਾਲਤ ਦਿਨੋ-ਦਿਨ ਖ਼ਰਾਬ ਹੁੰਦੀ ਗਈ।
ਸਾਲ 2015 ’ਚ ਜਦੋਂ ਟਰੂਡੋ ਨੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਨੇ ਆਕਾਰ ਅਤੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਆਪਣੇ ਬਚਪਨ ਦੇ ਇਸ ਘਰ ’ਚ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੀ ਬਜਾਏ ਉਨ੍ਹਾਂ ਨੇ ਰਿਡਿਓ ਕਾਟੇਜ ’ਚ ਰਹਿਣ ਦੀ ਚੋਣ ਕੀਤੀ। ਰਿਡਿਓ ਕਾਟੇਜ ਇੱਕ ਦੋ ਮੰਜ਼ਿਲਾ, 22 ਕਮਰਿਆਂ ਵਾਲਾ ਘਰ ਹੈ, ਜਿਹੜਾ ਕਿ ਰਿਡਿਓ ਹਾਲ ’ਚ ਸਥਿਤ ਹੈ ਅਤੇ ਅੱਜ ਤੱਕ ਟਰੂਡੋ ਇੱਥੇ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਹਨ।
ਇਹ ਪੁੱਛੇ ਜਾਣ ’ਤੇ ਕਿ ਪ੍ਰਧਾਨ ਮੰਤਰੀ ਨੂੰ ਕਿਸ ਤਰ੍ਹਾਂ ਦੇ ਰਹਿਣ ਦੇ ਸਥਾਨ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ, ਪੋਇਲੀਵਰ ਨੇ ਕਿਹਾ ਕਿ ਕਿਸੇ ਨੂੰ ਇੱਕ ਬਹੁਤ ਹੀ ਬੁਨਿਆਦੀ, ਸੁਰੱਖਿਅਤ ਜਗ੍ਹਾ ਦੀ ਉਮੀਦ ਕਰਨੀ ਚਾਹੀਦੀ ਹੈ ਜਿੱਥੇ ਪ੍ਰਧਾਨ ਮੰਤਰੀ ਟੈਕਸਦਾਤਾਵਾਂ ਦੇ ਪੈਸੇ ’ਤੇ ਸੁਰੱਖਿਅਤ ਢੰਗ ਨਾਲ ਰਹਿ ਸਕਦਾ ਹੈ।