Site icon TV Punjab | Punjabi News Channel

ਲੰਡਾ ਨੇ ਹੀ ਕਰਵਾਇਆ ਸੀ ਸਰਹਾਲੀ ਆਰ.ਪੀ.ਜੀ ਹਮਲਾ, 6 ਕਾਬੂ- ਡੀ.ਜੀ.ਪੀ

ਚੰਡੀਗੜ੍ਹ- ਪੰਜਾਬ ਪੁਲਿਸ ਨੇ ਵਿਦੇਸ਼ ‘ਚੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਤਰਨਤਾਰਨ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਨੂੰ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਦੋ ਨਾਬਾਲਗਾਂ, ਜਿਨ੍ਹਾਂ ਨੇ ਤਰਨਤਾਰਨ ਦੇ ਪੁਲਿਸ ਸਟੇਸ਼ਨ ਸਰਹਾਲੀ ਦੀ ਇਮਾਰਤ ‘ਤੇ 9 ਦਸੰਬਰ ਨੂੰ ਰਾਤ 11.18 ਵਜੇ ਦੇ ਕਰੀਬ ਅੱਤਵਾਦੀ ਹਮਲਾ ਕੀਤਾ ਸੀ, ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਅੱਤਵਾਦੀ ਹਮਲੇ ਦੀ ਸਾਜਿਸ਼ ਵਿਦੇਸ਼ ਰਹਿੰਦੇ ਲੋੜੀਂਦੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ, ਸਤਬੀਰ ਸਿੰਘ ਉਰਫ ਸੱਤਾ ਅਤੇ ਗੁਰਦੇਵ ਉਰਫ ਜੈਸਲ ਵੱਲੋਂ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਬੰਦ ਅਜਮੀਤ ਸਿੰਘ ਦੀ ਮਦਦ ਨਾਲ ਰਚੀ ਗਈ ਸੀ।

ਦੋ ਨਾਬਾਲਗਾਂ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਮਾਡਿਊਲ ਦੇ ਬਾਕੀ ਚਾਰ ਮੈਂਬਰਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੰਬਰਦਾਰ (18) ਵਾਸੀ ਨੌਸ਼ਹਿਰਾ ਪੰਨੂਆ; ਗੁਰਲਾਲ ਸਿੰਘ ਉਰਫ ਗਹਿਲਾ (19) ਵਾਸੀ ਚੋਹਲਾ ਸਾਹਿਬ; ਸੁਰਲਾਲਪਾਲ ਸਿੰਘ ਉਰਫ਼ ਗੁਰਲਾਲ ਉਰਫ਼ ਲਾਲੀ (21) ਵਾਸੀ ਪਿੰਡ ਠੱਠੀਆ ਮਹੰਤਾ; ਅਤੇ ਜੋਬਨਪ੍ਰੀਤ ਸਿੰਘ ਉਰਫ਼ ਜੋਬਨ (18) ਵਾਸੀ ਨੌਸ਼ਹਿਰਾ ਪੰਨੂਆ ਵਜੋਂ ਹੋਈ ਹੈ । ਦਸਨਯੋਗ ਹੈ ਕਿ ਗੋਪੀ ਨੰਬਰਦਾਰ, ਜੋ ਕਿਸੇ ਹੋਰ ਕੇਸ ਵਿੱਚ ਗ੍ਰਿਫ਼ਤਾਰ ਸੀ, ਨੂੰ ਨਾਬਾਲਗ ਹੋਣ ਕਰਕੇ ਜ਼ਮਾਨਤ ਦੇ ਦਿੱਤੀ ਗਈ ਸੀ। 22 ਨਵੰਬਰ, 2022 ਨੂੰ ਆਪਣੀ ਰਿਹਾਈ ਤੋਂ ਇਕ ਦਿਨ ਬਾਅਦ ਉਹ 18 ਸਾਲ ਦਾ ਹੋ ਗਿਆ ਸੀ ਅਤੇ ਫਿਰ ਵਿਦੇਸ਼ੀ-ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਆ ਗਿਆ।

ਵਿਦੇਸ਼ੀ-ਅਧਾਰਤ ਹੈਂਡਲਰਾਂ ਨੇ ਖੇਪ ਦੀ ਪ੍ਰਾਪਤੀ ਅਤੇ ਸੰਪਰਕ ਸਥਾਪਤ ਕਰਨ ਲਈ ਕੱਟ-ਆਉਟ ਅਤੇ ਡੈੱਡ ਲੈਟਰ ਬਾਕਸ (ਡੀ.ਐਲ,ਬੀ.) ਤਕਨੀਕਾਂ ਦੀ ਵਰਤੋਂ ਕੀਤੀ ਤਾਂ ਜੋ ਮਡਿਊਲ ਦੇ ਮੈਂਬਰਾਂ ਨੂੰ ਹੈਂਡਲਰਾਂ ਦੁਆਰਾ ਸਿੱਧੇ ਤੌਰ ‘ਤੇ ਕੰਮ ਸੌਂਪੇ ਜਾ ਸਕਣ। ਇੱਥੋਂ ਤੱਕ ਕਿ ਸਬ-ਮਡਿਊਲਾਂ ਦੀ ਪਛਾਣ ਵੀ ਦੂਜੇ ਸਬ-ਮਡਿਊਲਾਂ ਤੋਂ ਲੁਕੀ ਰਹੀ।

ਪੁਲਿਸ ਟੀਮਾਂ ਨੇ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੇ ਕਬਜ਼ੇ ‘ਚੋਂ ਗੋਲੀ ਸਿੱਕੇ ਸਮੇਤ ਦੋ .32 ਬੋਰ ਅਤੇ ਇੱਕ .30 ਬੋਰ ਪਿਸਤੌਲ , ਇੱਕ ਹੈਂਡ ਗ੍ਰਨੇਡ ਪੀ-86 ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਹਮਲੇ ਨੂੰ ਅੰਜਾਮ ਦੇਣ ਲਈ ਸੋਵੀਅਤ ਯੁੱਗ ਦੇ 70 ਐਮਐਮ ਬੋਰ ਦੇ ਆਰ.ਪੀ.ਜੀ.-26 ਹਥਿਆਰ ਦੀ ਵਰਤੋਂ ਕੀਤੀ ਗਈ, ਜਿਸਨੂੰ 10 ਦਸੰਬਰ ਨੂੰ ਪਹਿਲਾਂ ਹੀ ਬਰਾਮਦ ਕਰ ਲਿਆ ਗਿਆ ਸੀ। ਇਹ ਆਰ.ਪੀ.ਜੀ-26 ਹਥਿਆਰ, ਜਿਸਦੀ ਵਰਤੋਂ ਅਫਗਾਨਿਸਤਾਨ ਵਿੱਚ ਮੁਜਾਹਦੀਨ ਦੁਆਰਾ ਕੀਤੀ ਜਾਂਦੀ ਸੀ, ਨੂੰ ਸਰਹੱਦ ਪਾਰ ਤੋਂ ਮੰਗਵਾਇਆ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੇ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨਾਲ ਤਾਲਮੇਲ ਕਰਕੇ ਤਕਨੀਕੀ ਅਤੇ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਬਾਰੀਕੀ ਨਾਲ ਜਾਂਚ ਕੀਤੀ । ਗਰਾਊਂਡ ਇਨਵੈਸਟੀਗੇਸ਼ਨ ਦੀ ਅਗਵਾਈ ਐਸਐਸਪੀ ਤਰਨਤਾਰਨ ਗੁਰਮੀਤ ਚੌਹਾਨ ਅਤੇ ਉਨ੍ਹਾਂ ਦੀ ਟੀਮ ਨੇ ਕੀਤੀ ਜਿਸ ਤੋਂ ਪਤਾ ਲੱਗਿਆ ਕਿ ਹਮਲੇ ਵਿੱਚ ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਦਾ ਹੱਥ ਸੀ, ਜੋ ਕਿ ਲੰਡਾ ਹਰੀਕੇ ਅਤੇ ਸੱਤਾ ਨੌਸ਼ਹਿਰਾ ਦੇ ਸਿੱਧੇ ਸੰਪਰਕ ਵਿੱਚ ਸਨ।

ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਦੋਵਾਂ ਨੂੰ ਵੀਰਵਾਰ ਨੂੰ ਪੱਟੀ ਮੋੜ ਸਰਹਾਲੀ ਤੋਂ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ .32 ਬੋਰ ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਗੋਪੀ ਨੰਬਰਦਾਰ ਦੀ ਨਿਸ਼ਾਨਦੇਹੀ ‘ਤੇ ਇੱਕ ਹੈਂਡ ਗ੍ਰੇਨੇਡ ਵੀ ਬਰਾਮਦ ਕੀਤਾ ਹੈ।

ਡੀਜੀਪੀ ਨੇ ਦੱਸਿਆ ਕਿ ਜਾਂਚ ਮੁਤਾਬਕ ਗੋਪੀ ਨੂੰ ਸ਼ੁਰੂ ਵਿੱਚ ਲੰਡਾ ਅਤੇ ਸੱਤਾ ਤੋਂ 8.5 ਲੱਖ ਰੁਪਏ ਦੀ ਫੰਡਿੰਗ ਅਤੇ 200 ਜ਼ਿੰਦਾ ਕਾਰਤੂਸ ਸਮੇਤ .30 ਬੋਰ ਦਾ ਪਿਸਤੌਲ ਮਿਲਿਆ ਸੀ। ਡੀਜੀਪੀ ਨੇ ਅੱਗੇ ਦੱਸਿਆ ਕਿ 1 ਦਸੰਬਰ, 2022 ਨੂੰ ਗੋਪੀ ਨੇ ਗੁਰਲਾਲ ਗਹਿਲਾ ਅਤੇ ਜੋਬਨਪ੍ਰੀਤ ਜੋਬਨ ਦੇ ਨਾਲ ਤਰਨਤਾਰਨ ਦੇ ਪਿੰਡ ਝੰਡੇਰ ਤੋਂ ਆਰਪੀਜੀ ਵਾਲੀ ਇੱਕ ਹੋਰ ਖੇਪ ਪ੍ਰਾਪਤ ਕੀਤੀ ਅਤੇ ਇਸ ਨੂੰ ਤਰਨਤਾਰਨ ਦੇ ਪਿੰਡ ਮਰਹਾਣਾ ਨੇੜੇ ਇੱਕ ਥਾਂ ‘ਤੇ ਲੁਕਾ ਦਿੱਤਾ।

ਡੀਜੀਪੀ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਨੇ ਖੁਲਾਸਾ ਕੀਤਾ ਕਿ ਲੰਡਾ ਅਤੇ ਸੱਤਾ ਨੇ ਦੋ ਨਾਬਾਲਗ ਮੈਂਬਰਾਂ ਨੂੰ ਪੁਲਿਸ ਥਾਣਾ ਸਰਹਾਲੀ ‘ਤੇ ਹਮਲੇ ਨੂੰ ਅੰਜਾਮ ਦੇਣ ਦਾ ਜ਼ਿੰਮਾ ਸੌਂਪਿਆ ਸੀ, ਜਿਸ ਦਾ ਉਦੇਸ਼ ਸਰਹੱਦੀ ਸੂਬੇ ਵਿੱਚ ਦਹਿਸ਼ਤ ਪੈਦਾ ਕਰਨਾ ਸੀ। ਦੋਵਾਂ ਮੁਲਜ਼ਮਾਂ ਨੇ ਅੱਗੇ ਖੁਲਾਸਾ ਕੀਤਾ ਕਿ ਇੱਕ ਹੋਰ ਮੁਲਜ਼ਮ ਗੁਰਲਾਲ ਲਾਲੀ ਨੇ ਪੁਲਿਸ ਸਟੇਸ਼ਨ ਦੀ ਇਮਾਰਤ ‘ਤੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਪਿੰਡ ਮਰਹਾਣਾ ਵਿਖੇ ਰੁਕੇ ਹੋਏ ਦੋਵਾਂ ਨਾਬਾਲਗ ਮੈਂਬਰਾਂ ਨੂੰ ਲੌਜਿਸਟਿਕ ਸਹਾਇਤਾ ਅਤੇ ਇੱਕ ਲੱਖ ਰੁਪਏ ਮੁਹੱਈਆ ਕਰਵਾਏ।

ਪੁਲਿਸ ਨੇ ਨੌਸ਼ਹਿਰਾ ਪੰਨੂਆ ਨੇੜਿਓਂ ਜੋਬਨਪ੍ਰੀਤ ਜੋਬਨ ਅਤੇ ਗੁਰਲਾਲ ਲਾਲੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ .30 ਬੋਰ ਦਾ ਪਿਸਤੌਲ, 35 ਜਿੰਦਾ ਕਾਰਤੂਸ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਜੋਬਨ ਨੇ ਆਰਪੀਜੀ ਹਾਸਲ ਕਰਨ ਸਬੰਧੀ ਗੋਪੀ ਦੇ ਖੁਲਾਸੇ ਦੀ ਪੁਸ਼ਟੀ ਕੀਤੀ ਅਤੇ ਇਹ ਵੀ ਖੁਲਾਸਾ ਕੀਤਾ ਕਿ ਲੰਡਾ ਅਤੇ ਸੱਤਾ ਦੇ ਨਿਰਦੇਸ਼ਾਂ ‘ਤੇ ਉਸ ਨੇ ਪਿੰਡ ਸ਼ਾਹਬਾਜਪੁਰ ਤੋਂ ਇੱਕ ਨਾਬਾਲਗ ਨੂੰ ਨਾਲ ਲੈ ਕੇ ਗੁਰਦੇਵ ਉਰਫ ਜੈਸਲ ਦੇ ਕਹਿਣ ਅਨੁਸਾਰ ਪਿੰਡ ਮਰਹਾਣਾ ਵਿਖੇ ਛੱਡ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਕੜੀਆਂ ਨੂੰ ਜੋੜਦਿਆਂ ਪੁਲਿਸ ਟੀਮਾਂ ਨੇ ਦੋਵੇਂ ਨਾਬਾਲਗ ਹਮਲਾਵਰਾਂ ਨੂੰ ਪਿੰਡ ਚੰਬਾ ਦੇ ਟਿਊਬਵੈੱਲ ਤੋਂ ਸਫਲਤਾਪੂਰਵਕ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ ਅਤੇ 15 ਜਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਹਮਲੇ ਤੋਂ ਬਾਅਦ ਉਹ ਦੋਵੇਂ ਪਿੰਡ ਸੈਦੋ ਵੱਲ ਭੱਜ ਗਏ ਜਿਨ੍ਹਾਂ ਨੇ ਲੰਡਾ ਦੁਆਰਾ ਪਹਿਲਾਂ ਹੀ ਪ੍ਰਬੰਧ ਕੀਤੇ ਇੱਕ ਟਿਊਬਵੈੱਲ ਕਮਰੇ ਵਿੱਚ ਪਨਾਹ ਲੈ ਲਈ। ਉਨ੍ਹਾਂ ਕਿਹਾ ਕਿ ਦੋਵੇਂ ਸ਼ੂਟਰਾਂ ਨੇ ਯੂਟਿਊਬ ਵੀਡੀਓਜ਼ ਤੋਂ ਅਤੇ ਲੰਡਾ ਦੁਆਰਾ ਵੀਡੀਓ ਕਾਲ ਵਿੱਚ ਦੱਸੇ ਅਨੁਸਾਰ ਆਰਪੀਜੀ ਚਲਾਉਣਾ ਸਿੱਖਿਆ ।

ਇਸ ਸਬੰਧੀ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀ ਧਾਰਾ 16 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਧੀਨ ਥਾਣਾ ਸਰਹਾਲੀ ਵਿਖੇ ਐਫਆਈਆਰ ਨੰਬਰ 187 ਮਿਤੀ 09.12.2022 ਦਰਜ ਹੈ। ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਤਵਾਦੀ ਮਾਡਿਊਲ ਦੇ ਬਾਕੀ ਮੈਂਬਰਾਂ ਦੀ ਗ੍ਰਿਫਤਾਰੀ ਅਤੇ ਸਬੂਤਾਂ ਜ਼ਰੀਏ ਜਾਂਚ ਨੂੰ ਤਰਕਪੂਰਨ ਸਿੱਟੇ ‘ਤੇ ਲਿਜਾਇਆ ਜਾਵੇਗਾ।

Exit mobile version