ਵਿਦਿਆਰਥੀਆਂ ਲਈ ਰਿਹਾਇਸ਼ੀ ਸੰਕਟ ਦੂਰ ਕਰਨ ਲਈ ਜਗਮੀਤ ਸਿੰਘ ਨੇ ਟੂਰਡੋ ਨੂੰ ਦਿੱਤੀ ਇਹ ‘ਸਲਾਹ’

Ottawa- ਐਨ. ਡੀ. ਪੀ. ਨੇਤਾ ਜਗਮੀਤ ਸਿੰਘ ਨੇ ਵੀਰਵਾਰ ਨੂੰ ਕੌਮਾਂਤਰੀ ਵਿਦਿਆਰਥੀਆਂ ਲਈ ਰਿਹਾਇਸ਼ ਦੀ ਕਮੀ ਨੂੰ ਦੂਰ ਕਰਨ ਲਈ ਟਰੂਡੋ ਸਰਕਾਰ ਨੂੰ ਇੱਕ ਤਜਵੀਜ਼ ਦਿੱਤੀ। ਐੱਨ. ਡੀ. ਪੀ. ਨੇ ਫੈਡਰਲ ਸਰਕਾਰ ਨੂੰ ਪੋਸਟ-ਸੈਕੰਡਰੀ ਸੰਸਥਾਵਾਂ ਨੂੰ ਸਟੂਡੈਂਟ ਪਰਮਿਟ ਅਲਾਟ ਕਰਨ ਦੀ ਮੰਗ ਕੀਤੀ, ਜਿਹੜਾ ਕਿ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਕੋਲ ਇੱਕ ਭਰੋਸੇਯੋਗ ਅਤੇ ਕਿਫ਼ਾਇਤੀ ਰਿਹਾਇਸ਼ ਯੋਜਨਾ ਹੈ। ਪਾਰਟੀ ਦੀ ਇਹ ਤਜਵੀਜ਼ ਕੈਨੇਡਾ ’ਚ ਦਾਖ਼ਲ ਹੋਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਧਣ ਕਾਰਨ ਆਈ ਹੈ, ਜਿਸ ਕਾਰਨ ਕਿ ਦੇਸ਼ ਭਰ ’ਚ ਰਿਹਾਇਸ਼ੀ ਸੰਕਟ ਪੈਦਾ ਹੋ ਗਿਆ ਹੈ। ਇਸ ਬਾਰੇ ’ਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਪਣੀ ਹਾਲੀਆ ਇੰਟਰਵਿਊ ’ਚ ਕਿਹਾ ਕਿ ਫੈਡਰਲ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਦੇ ਪ੍ਰਵਾਹ ’ਤੇ ਮੁੜ ਵਿਚਾਰ ਕਰ ਰਹੀ, ਖ਼ਾਸ ਤੌਰ ’ਤੇ ਉਦੋਂ ਤੋਂ, ਜਦੋਂ ਕੁਝ ਵਿਦਿਆਰਥੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ।
ਜਗਮੀਤ ਸਿੰਘ ਨੇ ਕਿਹਾ ਕਿ ਦੇਸ਼ ’ਚ ਰਿਹਾਇਸ਼ੀ ਸੰਕਟ ਇਸ ਹੱਦ ਤੱਕ ਵੱਧ ਗਿਆ ਹੈ ਕਿ ਹੁਣ ਮਕਾਨ ਮਾਲਕ ਵਿਦਿਆਰਥੀਆਂ ਕੋਲੋਂ ਪੂਰੇ ਸਾਲ ਦਾ ਕਿਰਾਇਆ ਡਿਪੋਜ਼ਿਟ ਵਜੋਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਕਿਹੜਾ ਵਿਦਿਆਰਥੀ ਇੰਨਾ ਪੈਸਾ ਲੈ ਕੇ ਆ ਸਕਦਾ ਹੈ। ਇਹ ਅਸੰਭਵ ਹੈ। ਜਗਮੀਤ ਸਿੰਘ ਨੇ ਫੈਡਰਲ ਸਰਕਾਰ ਨੂੰ ਹੋਰ ਸਟੂਡੈਂਟ ਹਾਊਸਿੰਗ ਬਣਾਉਣ ਲਈ ਫੰਡਿੰਗ ਮਾਡਲ ਸਥਾਪਿਤ ਕਰਨ ਦਾ ਸੁਝਾਅ ਦਿੱਤਾ ਦਿੱਤਾ ਹੈ, ਜਿਸ ’ਚ ਫੈਡਰਲ ਸਰਕਾਰ, ਸੂਬਾ ਤੇ ਪ੍ਰਦੇਸ਼ ਸਰਕਾਰਾਂ ਅਤੇ ਪੋਸਟ ਸੈਕੰਡਰੀ ਸੰਸਥਾਵਾਂ ਬਰਾਬਰ ਹਿੱਸਾ ਪਾਉਣਗੀਆਂ। ਸਿੰਘ ਨੇ ਕਿਹਾ ਕਿ ਸਾਨੂੰ ਇਸ ਸਮੱਸਿਆ ਦਾ ਹੱਲ ਕਰਨਾ ਪਏਗਾ। ਉਨ੍ਹਾਂ ਨੇ ਟੋਰਾਂਟੋ ਦੇ ਇੱਕ ਪ੍ਰਾਜੈਕਟ ਦੀ ਉਦਾਹਰਣ ਦਿੱਤੀ, ਜੋ ਕਿ ਇੱਕ ਗ਼ੈਰ-ਲਾਭਕਾਰੀ ਸੰਸਥਾ ਅਤੇ ਕਾਰੋਬਾਰ ਵਿਚਾਲੇ ਸਹਿਯੋਗ ਨਾਲ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਇਨ੍ਹਾਂ ਕਿਫ਼ਾਇਤੀ ਘਰਾਂ ’ਚ 500 ਤੋਂ ਵੱਧ ਵਿਦਿਆਰਥੀ ਰਹਿ ਸਕਦੇ ਹਨ।