ਜਲੰਧਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਾਂ ਆਉਣ ਵਾਲੇ ਸਮੇਂ ਚ ਕਿਸੇ ਰਿਕਾਰਡ ਬੁੱਕ ਚ ਜ਼ਰੂਰ ਦਰਜ ਕੀਤਾ ਜਾਵੇਗਾ ।ਕਾਰਣ ਇਹ ਹੈ ਕਿ ਇਸ ਪਾਰਟੀ ਚ ਚਾਹੇ ਕੋਈ ਵੀ ਬਦਲਾਅ ਹੋ ਜਾਵੇ , ਕਲੇਸ਼ ਪੈਣਾ ਲਾਜ਼ਮੀ ਹੀ ਹੁੰਦਾ । ਕੈਪਟਨ ਨੂੰ ਪਾਰਟੀ ਤੋਂ ਲਾਂਭੇ ਕਰਕੇ ਗਾਂਧੀ ਪਰਿਵਾਰ ਨੇ ਸੋਚਿਆ ਸੀ ਕਿ ਨਵਾਂ ਪ੍ਰਧਾਨ ਅਤੇ ਸੀ.ਐੱਮ ਲਗਾ ਕੇ ਪੰਜਾਬ ਚ ਦੁਬਾਰਾ ਵਾਪਸੀ ਕੀਤੀ ਜਾਵੇਗੀ । ਪਰ ਅਜਿਹਾ ਕੁੱਝ ਨਹੀਂ ਹੋਇਆ । ਜੱਦ ਜੱਦ ਵੀ ਨਵੀਂ ਨਿਯੁਕਤੀ ਹੋਈ , ਨਵਜੋਤ ਸਿੱਧੂ ਕੰਧ ਬਣ ਕੇ ਅੱਗੇ ਖੜ੍ਹ ਗਏ ।ਸਾਰੇ ਨੇਤਾ ਜੋ ਕੈਪਟਨ ਖਿਲਾਫ ਹੋ ਕੇ ਸਿੱਧੂ ਦੇ ਨਾਲ ਚੱਲੇ ਉਹ ਅਹੁਦਾ ਮਿਲਣ ‘ਤੇ ਸਿੱਧੂ ਤੋਂ ਦੂਰ ਹੋ ਗਏ । ਦੂਰੀ ਨਵਜੋਤ ਸਿੱਧੂ ਵਲੋਂ ਹੀ ਵਧਾਈ ਗਈ ।ਸੁਖਜਿੰਦਰ ਰੰਧਾਵਾ ਤੋਂ ਲੈ ਕੇ ਸੁਨੀਲ ਜਾਖੜ ਕਰੀਬੀ ਤੋਂ ਸਿਆਸੀ ਦੁਸ਼ਮਣ ਬਣ ਗਏ ।ਹੁਣ ਵਾਰੀ ਆਈ ਹੈ ਨਵੇਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ।
ਵੜਿੰਗ ਦੇ ਪ੍ਰਧਾਨ ਬਣਦਿਆਂ ਹੀ ਸਿੱਧੂ ਉਨ੍ਹਾਂ ਤੋਂ ਨਾਰਾਜ਼ ਹੋ ਗਏ ।ਸਿੱਧੂ ਪਾਰਟੀ ਲਾਈਨ ਤੋਂ ਹੱਟ ਕੇ ਬਾਗੀਆਂ ਨਾਲ ਰਾਫਤਾ ਬਣਾਈ ਬੈਠੇ ਹਨ । ਹੁਣ ਚਰਚਾ ਹੈ ਕਿ ਗਾਂਧੀ ਪਰਿਵਾਰ ਨੇ ਸਿੱਧੂ ਦਾ ਕੇਸ ਸੀਨੀਅਰ ਨੇਤਾ ਐੱਲ.ਓ.ਪੀ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਦਿੱਤਾ ਹੈ ।ਹਾਈਕਮਾਨ ਨੇ ਹੁਕਮ ਜਾਰੀ ਕੀਤੇ ਹਨ ਕਿ ਸਿੱਧੂ ਨੂੰ ਮਨਾ ਕੇ ਵੜਿੰਗ ਨਾਲ ਬੈਠਕ ਕਰਵਾਈ ਜਾਵੇ ।
ਬਾਜਵਾ ਨੇ ਵੀ ਹਾਈਕਮਾਨ ਨੂੰ ਜਲਦ ਹੀ ਖੁਸ਼ਖਬਰੀ ਦੇਣ ਦੀ ਗੱਲ ਆਖੀ ਹੈ ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਅਤੇ ਵੜਿੰਗ ਦੀ ਜੱਫੀ ਪਵਾਉਣ ਲਈ ਕਾਂਗਰਸ ਦੇ ਅੰਦਰ ਹਲਚਲ ਸ਼ੁਰੂ ਹੋ ਗਈ ਹੈ ।