ਨਵੀਂ ਦਿੱਲੀ- ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਉਡੀਕ ਅੱਜ ਖ਼ਤਮ ਹੋ ਜਾਵੇਗੀ। ਵੋਟਾਂ ਦੀ ਗਿਣਤੀ ਅੱਜ ਸਵੇਰੇ 11 ਵਜੇ ਸ਼ੁਰੂ ਹੋਵੇਗੀ ਤੇ ਅੱਜ ਹੀ ਤੈਅ ਹੋ ਜਾਵੇਗਾ ਕਿ ਦੇਸ਼ ਦਾ 15ਵਾਂ ਰਾਸ਼ਟਰਪਤੀ ਕੌਣ ਹੋਵੇਗਾ। ਰਾਸ਼ਟਰਪਤੀ ਅਹੁਦੇ ਲਈ 18 ਜੁਲਾਈ ਨੂੰ ਵੋਟਿੰਗ ਹੋਈ ਸੀ। ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਅਤੇ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਵਿਚਾਲੇ ਸਿੱਧਾ ਮੁਕਾਬਲਾ ਹੈ ਪਰ ਦ੍ਰੋਪਦੀ ਮੁਰਮੂ ਦੀ ਜਿੱਤ ਲਗਭਗ ਤੈਅ ਹੈ।
ਭਾਜਪਾ ਨੇ ਦੇਸ਼ ਦੇ 1.30 ਲੱਖ ਆਦਿਵਾਸੀ ਪਿੰਡਾਂ ਵਿਚ ਜਸ਼ਨ ਮਨਾਉਣ ਦੀਆਂ ਤਿਆਰੀਆਂ ਕਰ ਲਈਆਂ ਹਨ। ਮੁਰਮੂ ਦੀ ਜਿੱਤ ਨੂੰ ਲੈ ਕੇ ਭਾਜਪਾ ਨਤੀਜੇ ਆਉਣ ਤੋਂ ਬਾਅਦ ਵੱਡਾ ਜਸ਼ਨ ਮਨਾਉਣ ਦੀ ਤਿਆਰੀ ਵਿਚ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਰਾਸ਼ਟਰਪਤੀ ਦੀ ਜਿੱਤ ਤੋਂ ਬਾਅਦ ਜਸ਼ਨ ਮਨਾਇਆ ਜਾਵੇਗਾ। ਭਾਜਪਾ ਪ੍ਰਧਾਨ ਜੇਪੀ ਨੱਡਾ ਰਾਜਪਥ ਤੱਕ ਜਸ਼ਨ ਦੀ ਅਗਵਾਈ ਕਰਨਗੇ। ਉਥੇ ਭਾਸ਼ਣ ਦੇਣਗੇ। ਪਹਿਲੀ ਵਾਰ ਕਬਾਇਲੀ ਮਹਿਲਾ ਦੇ ਪ੍ਰਧਾਨ ਚੁਣੇ ਜਾਣ ਦਾ ਸਿਹਰਾ ਪੀਐਮ ਮੋਦੀ ਨੂੰ ਦੇਣਗੇ। ਹਾਲਾਂਕਿ, ਮੁਰਮੂ ਇਸ ਵਿਚ ਹਿੱਸਾ ਨਹੀਂ ਲੈਣਗੇ।