ਮਾਮੂਲੀ ਤਕਰਾਰ ਤੋਂ ਬਾਅਦ ਚਾਚੇ-ਭਤੀਜੇ ਦਾ ਕਤਲ

ਤਰਨ ਤਾਰਨ : ਪੰਜਾਬ ਵਿਚ ਕਤਲੋਗਾਰਦ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਲੋਕਾਂ ‘ਚ ਕਾਨੂੰਨ ਦਾ ਡਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਘਟਨਾ ਅਨੁਸਾਰ ਪੁਲਿਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਨਾਗੋਕੇ ਵਿਖੇ ਦੋ ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਜਿਸ ਦੀ ਵਜ੍ਹਾ ਨੌਜਵਾਨਾਂ ਦੀ ਮਾਮੂਲੀ ਤਕਰਾਰ ਦੱਸੀ ਜਾ ਰਹੀ ਹੈ। ਮਾਮੂਲੀ ਤਕਰਾਰ ਤੋਂ ਬਾਅਦ ਇਹ ਲੜਾਈ ਇਨੀ ਵੱਧ ਗਈ ਕਿ ਇਸ ਨੇ ਖ਼ੂਨੀ ਰੂਪ ਧਾਰਨ ਕਰ ਲਿਆ ਅਤੇ ਦੋ ਵਿਅਕਤੀਆਂ ਨੂੰ ਆਪਣੀ ਜਾਨ ਗੁਆਉਣੀ ਪਈ। ਮਰਨ ਵਾਲੇ ਦੋਵੇ ਵਿਅਕਤੀ ਚਾਚਾ ਭਤੀਜਾ ਦੱਸੇ ਜਾ ਰਹੇ ਹਨ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਸ੍ਰੀ ਮੁਕਤਸਰ ਸਾਹਿਬ ‘ ਚ ਵੀ ਇਕ ਵਿਅਕਤੀ ਦਾ ਕਤਲ

ਸ੍ਰੀ ਮੁਕਤਸਰ ਸਾਹਿਬ ਵਿਖੇ ਅਬੋਹਰ ਬਾਈਪਾਸ ਰੋਡ ‘ਤੇ ਗੋਨਿਆਣਾ ਚੌਕ ਨੇੜੇ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਚਾਰ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕੀਤੀ, ਜਿਸ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ 1 ਜ਼ਖਮੀ ਹੋ ਗਿਆ।

ਘਟਨਾ ਸਥਾਨ ‘ਤੇ ਪਹੁੰਚੇ ਡੀ.ਐੱਸ.ਪੀ. ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਘਟਨਾ ਦੀ ਪੜਤਾਲ ਕਰ ਰਹੀ ਹੈ ਅਤੇ ਇਕ ਗੋਲੀ ਦਾ ਖ਼ੋਲ ਮਿਲਿਆ ਹੈ। ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਘਰਾਂ ਤੋਂ ਬਾਹਰ ਸੜਕਾਂ ‘ਤੇ ਆ ਗਏ ਹਨ।

ਇਸ ਮੌਕੇ ਇਕ ਸਥਾਨਕ ਵਾਸੀ ਨੇ ਦੱਸਿਆ ਕਿ 2 ਸਾਲ ਪਹਿਲਾਂ ਇੱਥੇ ਹੀ ਚਮਕੌਰ ਸਿੰਘ ਨਾਂਅ ਦੇ ਵਿਅਕਤੀ ਨੂੰ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਅੱਜ ਉਸੇ ਜਗ੍ਹਾ ‘ਤੇ ਸ਼ਾਮਾਂ ਸਿੰਘ ਨਾਂਅ ਦੇ ਵਿਅਕਤੀ ‘ਤੇ ਗੋਲੀ ਚਲਾ ਦਿੱਤੀ। ਚਸ਼ਮਦੀਦ ਅਨੁਸਾਰ ਗੋਲੀ ਲੱਗਣ ਉਪਰੰਤ ਸ਼ਾਮਾਂ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ।

ਟੀਵੀ ਪੰਜਾਬ ਬਿਊਰੋ