ਸੀਨ ਫਰੇਜ਼ਰ ਨੇ ਹਾਊਸਿੰਗ ਫੰਡ ’ਤੇ ਪੌਲੀਐਵ ਦੀਆਂ ਆਲੋਚਨਾਵਾਂ ਨੂੰ ਕੀਤਾ ਖ਼ਾਰਜ

Ottawa- ਹਾਊਸਿੰਗ ਮੰਤਰੀ ਸੀਨ ਫਰੇਜ਼ਰ ਨੇ ਕੰਜ਼ਰਵੇਟਿਵ ਲੀਡਰ ਪਿਏਰੇ ਪੌਲੀਐਵ ਦੀਆਂ ਉਨ੍ਹਾਂ ਆਲੋਚਨਾਵਾਂ ਨੂੰ ਖਾਰਜ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਫੈਡਰਲ ਸਰਕਾਰ ਦਾ ਹਾਊਸਿੰਗ ਐਕਸਲੇਟਰ ਫੰਡ, ਹਾਊਸਿੰਗ ਸੰਕਟ ’ਤੇ ਕੰਮ ਕਰਨ ਲਈ ਲਿਬਰਲਾਂ ਨੂੰ ਜਨਤਕ ਕ੍ਰੈਡਿਟ ਦੇਣ ਲਈ ਮੇਅਰਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਹੈ।
ਮੰਗਲਵਾਰ ਨੂੰ, ਫਰੇਜ਼ਰ ਨੇ ਕੈਲਗਰੀ ’ਚ ਨਵੀਨਤਮ ਪ੍ਰਾਜੈਕਟ ਦਾ ਐਲਾਨ ਕੀਤਾ, ਜਿਸ ਰਾਹੀਂ ਅਗਲੇ 10 ਸਾਲਾਂ ਦੌਰਾਨ 35,000 ਘਰਾਂ ਦੇ ਟੀਚੇ ਤੱਕ ਪਹੁੰਚਣ ਤੋਂ ਪਹਿਲਾਂ, ਤਿੰਨ ਸਾਲਾਂ ’ਚ 6,800 ਹਾਊਸਿੰਗ ਯੂਨਿਟ ਬਣਾਉਣ ਲਈ ਸ਼ਹਿਰ ਨੂੰ 228 ਮਿਲੀਅਨ ਡਾਲਰ ਹਾਊਸਿੰਗ ਐਕਸਲੇਟਰ ਫੰਡ ਰਾਹੀਂ ਦਿੱਤੇ ਜਾਣਗੇ।
ਹਾਊਸਿੰਗ ਐਕਸਲੇਟਰ ਫੰਡ ਨਗਰ ਪਾਲਿਕਾਵਾਂ ਨੂੰ ਲਾਲਫੀਤਾਸ਼ਾਹੀ ਨੂੰ ਘੱਟ ਕਰਨ ਅਤੇ ਉਨ੍ਹਾਂ ਦੇ ਜ਼ੋਨਿੰਗ ਤੇ ਪਰਮਿਟ ਸਿਸਟਮ ਨੂੰ ਅਪਡੇਟ ਕਰਕੇ ਨਵੇਂ ਘਰਾਂ ਦੇ ਨਿਰਮਾਣ ’ਚ ਤੇਜ਼ੀ ਲਿਆਉਣ ਲਈ ਉਤਸ਼ਾਹਿਤ ਕਰਦਾ ਹੈ।
4 ਡਾਲਰ ਬਿਲੀਅਨ ਫੰਡ 2021 ਦੀਆਂ ਫੈਡਰਲ ਚੋਣਾਂ ’ਚ ਲਿਬਰਲਾਂ ਵਲੋਂ ਲਿਆ ਗਿਆ ਇੱਕ ਪ੍ਰਣ ਸੀ, ਜਿਸ ’ਚ 2022 ਦੇ ਸੰਘੀ ਬਜਟ ’ਚ 10 ਬਿਲੀਅਨ ਡਾਲਰ ਦੇ ਇੱਕ ਵੱਡੇ ਹਾਊਸਿੰਗ-ਕੇਂਦ੍ਰਿਤ ਪੈਕੇਜ ਦੇ ਹਿੱਸੇ ਵਜੋਂ ਪੈਸਾ ਰੱਖਿਆ ਗਿਆ ਸੀ। ਇਸ ਦੇ ਤਹਿਤ ਪਹਿਲੇ ਪ੍ਰਾਜੈਕਟ ਦਾ ਐਲਾਨ ਓਨਟਾਰੀਓ ਦੇ ਲੰਡਨ ’ਚ ਕੀਤਾ ਗਿਆ, ਜਿਹੜਾ ਕਿ 74 ਮਿਲੀਅਨ ਡਾਲਰ ਦਾ ਸੌਦਾ ਸੀ। ਉਦੋਂ ਤੋਂ, ਫੈਡਰਲ ਸਰਕਾਰ ਨੇ ਅਗਲੇ ਤਿੰਨ ਸਾਲਾਂ ਦੌਰਾਨ ਅੱਠ ਨਗਰ ਪਾਲਿਕਾਵਾਂ ’ਚ ਲਗਭਗ 21,000 ਘਰ ਅਤੇ ਅਗਲੇ ਦਹਾਕੇ ’ਚ ਲਗਭਗ 170,000 ਘਰ ਬਣਾਉਣ ਲਈ ਪ੍ਰੋਗਰਾਮ ਦੁਆਰਾ ਫੰਡਾਂ ਦੇਣ ਦਾ ਵਾਅਦਾ ਕੀਤਾ ਹੈ।
ਹਾਲਾਂਕਿ ਕੰਜ਼ਰਵੇਟਿਵ ਨੇਤਾ ਪਿਏਰੇ ਪੌਲੀਐਵ ਨੇ ਫੰਡ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਸਤੰਬਰ ਤੋਂ ਬਾਅਦ ਪ੍ਰੋਗਰਾਮ ਰਾਹੀਂ ਹਾਊਸਿੰਗ ਮੰਤਰੀ ਸੀਨ ਫਰੇਜ਼ਰ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਘੋਸ਼ਣਾਵਾਂ ਨੂੰ ‘ਯਾਤਰਾ ਸਰਕਸ’ ਕਿਹਾ ਹੈ। ਉਨ੍ਹਾਂ ਕਿਹਾ ਕਿ ਸੀਨ ਫਰੇਜ਼ਰ ਅਤੇ ਜਸਟਿਨ ਟਰੂਡੋ ਫੈਡਰਲ ਲਿਬਰਲਾਂ ਨੂੰ ਹਾਊਸਿੰਗ ਲਈ ਕ੍ਰੈਡਿਟ ਦੇਣ ਲਈ ਮੇਅਰਾਂ ਨੂੰ ਅਦਾਇਗੀ ਕਰ ਰਹੇ ਹਨ ਜੋ ਪਹਿਲਾਂ ਹੀ ਬਣਨ ਜਾ ਰਹੇ ਸਨ।