Ottawa- ਅਮਰੀਕਾ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਵਪਾਰਕ ਤਣਾਅ ਦੇ ਮਾਹੌਲ ਵਿਚ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡੀਅਨ ਲਿਬਰਲ ਨੇਤਾ ਮਾਰਕ ਕਾਰਨੀ ਨੇ ਅੱਜ ਆਪਣੀ ਪਹਿਲੀ ਗੱਲਬਾਤ ਕੀਤੀ। ਇਹ ਗੱਲਬਾਤ ਦੋਨਾਂ ਦੇ ਵਿਚਕਾਰ ਵਧ ਰਹੇ ਵਪਾਰਕ ਅਤੇ ਸੁਰੱਖਿਆ ਸੰਬੰਧਾਂ ਨੂੰ ਲੈ ਕੇ ਕੀਤੀ ਗਈ।
ਰਾਸ਼ਟਰਪਤੀ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ Truth Social ‘ਤੇ ਸਵੇਰੇ 8 ਵਜੇ ਦੱਸਿਆ, “ਮੈਂ ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਗੱਲ ਕੀਤੀ। ਇਹ ਬਹੁਤ ਹੀ ਉਤਪਾਦਕ ਗੱਲਬਾਤ ਰਹੀ। ਅਸੀਂ ਕਈ ਮੁੱਦਿਆਂ ‘ਤੇ ਸਹਿਮਤ ਹਾਂ, ਅਤੇ ਕੈਨੇਡਾ ਦੇ ਆਉਣ ਵਾਲੇ ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਮਿਲ ਕੇ ਰਾਜਨੀਤੀ, ਵਪਾਰ ਅਤੇ ਹੋਰ ਮੁੱਦਿਆਂ ‘ਤੇ ਕੰਮ ਕਰਨ ਦੀ ਯੋਜਨਾ ਬਣਾਈ ਹੈ ਜੋ ਦੋਵਾਂ ਦੇਸ਼ਾਂ ਲਈ ਲਾਭਦਾਇਕ ਹੋਵੇਗੀ।”
ਕਾਰਨੀ ਨੇ ਵੀ ਆਪਣੇ X (ਪਹਿਲਾਂ Twitter) ਖਾਤੇ ਰਾਹੀਂ ਸਵੇਰੇ 10:30 ਵਜੇ ਲਿਖਿਆ, “ਅੱਜ ਅਮਰੀਕੀ ਰਾਸ਼ਟਰਪਤੀ ਨਾਲ ਕੈਨੇਡਾ-ਅਮਰੀਕਾ ਸੰਬੰਧਾਂ ਨੂੰ ਲੈ ਕੇ ਬਹੁਤ ਹੀ ਸਾਰਥਕ ਗੱਲਬਾਤ ਹੋਈ। ਚੋਣਾਂ ਤੋਂ ਬਾਅਦ, ਇੱਕ ਨਵੀਂ ਆਰਥਿਕ ਅਤੇ ਸੁਰੱਖਿਆ ਸਾਂਝ ਦੀ ਸ਼ੁਰੂਆਤ ਲਈ ਵਿਆਪਕ ਚਰਚਾ ਸ਼ੁਰੂ ਕਰਨ ‘ਤੇ ਸਹਿਮਤੀ ਹੋਈ।”
ਦੱਸ ਦਈਏ ਕਿ ਇਹ ਗੱਲਬਾਤ ਉਸੇ ਦਿਨ ਹੋਈ ਜਦੋਂ ਟਰੰਪ ਨੇ ਅਮਰੀਕਾ ਵੱਲੋਂ ਆਟੋਮੋਬਾਈਲ ਅਤੇ ਉਨ੍ਹਾਂ ਦੇ ਪੁਰਜ਼ਿਆਂ ‘ਤੇ 25% ਟੈਰੀਫ ਲਾਉਣ ਵਾਲੇ ਆਦੇਸ਼ ‘ਤੇ ਦਸਤਖਤ ਕੀਤੇ।
ਕਾਰਨੀ ਨੇ ਆਖਿਰ ਵਿੱਚ ਕਿਹਾ, “ਅਮਰੀਕਾ ਅੱਗੇ ਕੀ ਕਰੇਗਾ, ਇਹ ਸਾਫ ਨਹੀਂ, ਪਰ ਇਹ ਸਾਫ ਹੈ ਕਿ ਅਸੀਂ ਕੈਨੇਡੀਅਨ ਆਪਣੇ ਘਰ ਦੇ ਮਾਲਿਕ ਹਾਂ। ਸਾਡੀ ਰਾਖੀ, ਸਾਡੀ ਆਰਥਿਕਤਾ ਅਤੇ ਸਾਡਾ ਮਾਣ ਸਾਡੀ ਤਾਕਤ ‘ਚ ਹੈ।”
ਟਰੰਪ ਅਤੇ ਕਾਰਨੀ ਦੀ ਪਹਿਲੀ ਟੈਲੀਫੋਨ ਗੱਲਬਾਤ, ਵਪਾਰਕ ਯੁੱਧ ਦਰਮਿਆਨ ਹੋਈ ਚਰਚਾ
