Ottawa- ਓਟਾਵਾ- ਇਸ ਸਾਲ ਰਾਜਕੁਮਾਰੀ ਐਨੀ ਵਲੋਂ ਕੈਨੇਡਾ ਦੀਆਂ ਦੋ ਛੋਟੀਆਂ ਯਾਤਰਾਵਾਂ ਕਾਰਨ ਟੈਕਸਦਾਤਾਵਾਂ ਨੂੰ ਘੱਟੋ ਘੱਟ 131,000 ਡਾਲਰ ਦਾ ਖਰਚਾ ਆਇਆ ਹੈ। ਕਿੰਗ ਚਾਰਲਸ ਦੀ ਇਕਲੌਤੀ ਭੈਣ ਨੇ ਨਿਊ ਬਰੰਜ਼ਵਿਕ ਮਿਲਟਰੀ ਰੈਜੀਮੈਂਟ ਦੀ 175ਵੀਂ ਵਰ੍ਹੇਗੰਢ ਮਨਾਉਣ ਲਈ ਮਈ ’ਚ ਤਿੰਨ ਦਿਨਾਂ ਲਈ ਦੇਸ਼ ਦਾ ਦੌਰਾ ਕੀਤਾ ਅਤੇ ਫਿਰ ਜੂਨ ਦੇ ਸ਼ੁਰੂ ’ਚ ਅਲਬਰਟਾ ਦੇ ਬੈਨਫ ’ਚ ਇੱਕ ਕਾਨਫ਼ਰੰਸ ’ਚ ਸ਼ਾਮਿਲ ਹੋਈ ਸੀ।
ਰਾਜਕੁਮਾਰੀ ਦੀਆਂ ਇਨ੍ਹਾਂ ਸੰਖੇਪ ਯਾਤਰਾਵਾਂ ਦੇ ਬਿੱਲ ਦਾ 60 ਪ੍ਰਤੀਸ਼ਤ ਤੋਂ ਵੱਧ ਹਿੱਸਾ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਸੁਰੱਖਿਆ ਨਾਲ ਜੁੜੇ ਖਰਚਿਆਂ ਤੋਂ ਆਇਆ ਹੈ, ਜਿਵੇਂ ਕਿ ਓਵਰਟਾਈਮ ’ਚ 52,297.50 ਡਾਲਰ ਅਤੇ ਯਾਤਰਾ ’ਚ 26,179.71 ਡਾਲਰ। ਨਿਊ ਬਰੰਜ਼ਵਿਕ ’ਚ ਕੈਨੇਡੀਅਨ ਮਿਲਟਰੀ ਨੇ 27,246.00 ਡਾਲਰ ਖਰਚ ਕੀਤੇ, ਜਿਸ ’ਚ ਕੈਨੇਡਾ ਦੇ ਅੰਦਰ ਏਅਰ ਫੋਰਸ ਟਰਾਂਸਪੋਰਟੇਸ਼ਨ ਲਈ 14,457.19 ਡਾਲਰ ਅਤੇ ਪਰੇਡ ਹਾਜ਼ਰੀ ਨਾਲ ਜੁੜੇ ਖਰਚਿਆਂ ਲਈ 12,789.09 ਡਾਲਰ ਸ਼ਾਮਲ ਹਨ। ਨਿਊ ਬਰੰਜ਼ਵਿਕ ਸਰਕਾਰ ਦੇ 24,570.85 ਡਾਲਰ ਦੇ ਬਿੱਲ ’ਚ ਫੋਟੋਗ੍ਰਾਫਿਕ ਸੇਵਾਵਾਂ ਲਈ 13,694.96 ਡਾਲਰ ਅਤੇ ਡਰਾਈਵਰ ਲਈ 2,689.48 ਡਾਲਰ ਸ਼ਾਮਲ ਹਨ। ਲਾਗਤਾਂ ’ਚ ਬਾਲਣ, ਭੋਜਨ, ਹੋਟਲ ਦੀਆਂ ਸਹੂਲਤਾਂ, ਤਕਨੀਕੀ ਸਪਲਾਈ, ਸ਼ਿਪਿੰਗ ਅਤੇ ਹੋਰ ਬਹੁਤ ਕੁਝ ਸ਼ਾਮਿਲ ਹੈ।
ਇਸ ਬਾਰੇ ’ਚ ਕੁਈਨਜ਼ ਯੂਨੀਵਰਸਿਟੀ ਦੇ ਸਕੂਲ ਆਫ਼ ਪਬਲਿਕ ਪਾਲਿਸੀ ਦੀ ਪ੍ਰੋਫੈਸਰ ਕੈਥੀ ਬਰੌਕ ਨੇ ਕਿਹਾ ਕਿ ਆਰ. ਸੀ. ਐਮ. ਪੀ. ਦੀ ਲਾਗਤ ਸਭ ਤੋਂ ਵੱਧ ਹੈ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਅਸਲ ਵਿੱਚ ਕੈਨੇਡਾ ਨਹੀਂ ਚਾਹੁੰਦਾ ਕਿ ਜਦੋਂ ਸ਼ਾਹੀ ਘਰਾਣਾ ਸਾਡੇ ਦੇਸ਼ ਦਾ ਦੌਰਾ ਕਰ ਰਿਹਾ ਹੋਵੇ ਤਾਂ ਉਨ੍ਹਾਂ ਦੇ ਨਾਲ ਕੁਝ ਗਲਤ ਵਾਪਰੇ।