ਵਾਰਾਣਸੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਲਖੀਮਪੁਰ ਖੇੜੀ ਹਿੰਸਾ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਅਤੇ ਵਿਦੇਸ਼ਾਂ ਦੀ ਯਾਤਰਾ ਕਰ ਰਹੇ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਗੱਲ ਨਹੀਂ ਕਰਦੇ।
ਪ੍ਰਿਅੰਕਾ ਗਾਂਧੀ ਨੇ ਭਾਸ਼ਣ ਦੀ ਸ਼ੁਰੂਆਤ ਜੈ ਮਾਤਾ ਦੀ ਨਾਲ ਕੀਤੀ। ਸੋਨਭੱਦਰ, ਉਨਾਓ, ਹਥਰਸ ਦੀਆਂ ਘਟਨਾਵਾਂ ਅਤੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਸਮੇਂ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਨੂੰ ਨਿਸ਼ਾਨਾ ਬਣਾਇਆ।
ਉਨ੍ਹਾਂ ਕਿਹਾ, “ਇਸ ਦੇਸ਼ ਵਿਚ, ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੇ ਕਿਸਾਨਾਂ ਨੂੰ ਗੱਡੀ ਹੇਠ ਕੁਚਲ ਦਿੱਤਾ ਪਰ ਪ੍ਰਸ਼ਾਸਨ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪ੍ਰਿਅੰਕਾ ਗਾਂਧੀ ਨੇ ਕਿਹਾ ਪ੍ਰਧਾਨ ਮੰਤਰੀ ਜਸ਼ਨ ਮਨਾਉਣ ਲਖਨਊ ਆਏ ਪਰ ਲਖੀਮਪੁਰ ਖੇੜੀ ਨਹੀਂ ਪਹੁੰਚ ਸਕੇ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਸਰਕਾਰ ਕਾਰਨ ਦੇਸ਼ ਦੇ ਲੋਕਾਂ ਨੇ ਨਿਆਂ ਦੀ ਉਮੀਦ ਗੁਆ ਦਿੱਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇ ਸਰਕਾਰ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਸਾਰੇ ਇਕਜੁਟ ਹੋ ਕੇ ਕਿਸਾਨਾਂ ਵੱਲੋਂ ਮੂੰਹ ਮੋੜ ਲੈਣ ਤਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ?
ਕਿਸਾਨ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ, “ਜਦੋਂ ਤਿੰਨੇ ਕਾਨੂੰਨ ਲਾਗੂ ਹੋ ਜਾਣਗੇ ਤਾਂ ਕਿਸਾਨਾਂ ਦੀ ਜ਼ਮੀਨ ਅਤੇ ਫਸਲਾਂ ਖੋਹ ਲਈਆਂ ਜਾਣਗੀਆਂ।” ਪ੍ਰਿਅੰਕਾ ਗਾਂਧੀ ਨੇ ਮੋਦੀ ‘ਤੇ ਚੁਟਕੀ ਲੈਂਦਿਆਂ ਕਿਹਾ, “ਪ੍ਰਧਾਨ ਮੰਤਰੀ ਅਮਰੀਕਾ ਜਾ ਸਕਦੇ ਹਨ, ਜਾਪਾਨ ਜਾ ਸਕਦੇ ਹਨ, ਵਿਦੇਸ਼ਾਂ ਵਿਚ ਜਾ ਸਕਦੇ ਹਨ, ਪਰ ਆਪਣੇ ਘਰ ਤੋਂ 10 ਮਿੰਟ ਦੂਰ ਬੈਠੇ ਕਿਸਾਨਾਂ ਨਾਲ ਗੱਲ ਨਹੀਂ ਕਰ ਸਕਦੇ।”
ਰੈਲੀ ਤੋਂ ਪਹਿਲਾਂ ਉਨ੍ਹਾਂ ਨੇ ਬਾਬਾ ਵਿਸ਼ਵਨਾਥ ਮੰਦਰ ਅਤੇ ਮਾਂ ਦੁਰਗਾ ਮੰਦਰ ਵਿਖੇ ਦਰਸ਼ਨ ਅਤੇ ਪੂਜਾ ਕੀਤੀ। ਰੈਲੀ ਲਈ ਪਹੁੰਚੀ ਪ੍ਰਿਅੰਕਾ ਦਾ ਵਾਰਾਨਸੀ ਹਵਾਈ ਅੱਡੇ ‘ਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਟੀਵੀ ਪੰਜਾਬ ਬਿਊਰੋ