ਉੱਘੇ ਗਾਂਧੀਵਾਦੀ ਚਿੰਤਕ ਡਾਕਟਰ ਐਸਐਨ ਸੁਬਾਰਾਓ ਨਹੀਂ ਰਹੇ

ਜਲੰਧਰ : ਉੱਘੇ ਗਾਂਧੀਵਾਦੀ ਚਿੰਤਕ ਡਾਕਟਰ ਐਸਐਨ ਸੁਬਾਰਾਓ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਡਾਕਟਰ ਸੁਬਾਰਾਓ ਨੇ ਸਵੇਰੇ 4 ਵਜੇ ਜੈਪੁਰ ਦੇ ਹਸਪਤਾਲ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦੀ ਦੇਹ ਨੂੰ ਮੋਰੇਨਾ ਲਿਆਂਦਾ ਜਾਵੇਗਾ ਅਤੇ ਫਿਰ ਵੀਰਵਾਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਦੱਸ ਦੇਈਏ ਕਿ ਡਾਕਟਰ ਸੁਬਾਰਾਓ ਨੇ ਚੰਬਲ ਦੀ ਘਾਟੀ ਨੂੰ ਡਾਕੂਆਂ ਤੋਂ ਮੁਕਤ ਕਰਵਾਇਆ ਸੀ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਜ ਸੇਵਾ ਵਿਚ ਲਾਇਆ। ਡਾਕਟਰ ਸੁਬਾਰਾਓ ਭਾਰਤ ਦੀਆਂ 11 ਭਾਸ਼ਾਵਾਂ ਬੋਲ ਤੇ ਸਮਝ ਸਕਦੇ ਸਨ। ਉਨ੍ਹਾਂ ਨੂੰ ਸਾਰੇ ਧਰਮਾਂ ਦਾ ਵੀ ਮੁਢਲਾ ਗਿਆਨ ਸੀ।

ਲੋਕ ਸਭਾ ਸਪੀਕਰ ਨੇ ਦੁੱਖ ਪ੍ਰਗਟ ਕੀਤਾ

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਡਾਕਟਰ ਸੁਬਾਰਾਓ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਨੇ ਇਕ ਟਵੀਟ ਵਿਚ ਲਿਖਿਆ ਕਿ ਗਾਂਧੀਵਾਦੀ ਚਿੰਤਕ ਡਾ.ਐਸ.ਐਨ. ਸੁਬਾਰਾਓ ਜੀ ਦੀ ਮੌਤ ਦੁਖਦ ਹੈ।

ਉਨ੍ਹਾਂ ਨੇ ਸਤਿਕਾਰਯੋਗ ਬਾਪੂ ਦੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਨੂੰ ਸਮਾਜ ਵਿਚ ਸ਼ਾਂਤੀ, ਅਹਿੰਸਾ ਅਤੇ ਸਦਭਾਵਨਾ ਦਾ ਪ੍ਰਚਾਰ ਕਰਨ ਅਤੇ ਨੌਜਵਾਨਾਂ ਵਿਚ ਨਵੀਂ ਚੇਤਨਾ ਜਗਾਉਣ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।

ਨੈਸ਼ਨਲ ਯੂਥ ਪ੍ਰੋਜੈਕਟ ਪੰਜਾਬ ਵੱਲੋਂ ਦੁੱਖ ਪ੍ਰਗਟ

ਨੈਸ਼ਨਲ ਯੂਥ ਪ੍ਰੋਜੈਕਟ ਪੰਜਾਬ ਦੇ ਪ੍ਰਧਾਨ ਅਮਰੀਕ ਸਿੰਘ ਕਲੇਰ ਨੇ ਡਾਕਟਰ ਸੁਬਾਰਾਓ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੁਬਰਾਓ ਜੀ ਨੌਜਵਾਨਾ ਲਈ ਪ੍ਰੇਰਨਾ-ਸਰੋਤ ਸਨ।

ਸਮਾਜ ਸੇਵੀ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਨੌਜਵਾਨਾਂ ਦੇ ਪ੍ਰੇਰਨਾ-ਸਰੋਤ ਨੈਸ਼ਨਲ ਯੂਥ ਪ੍ਰਜੈਕਟ ਦੇ ਮੋਢੀ ਗਾਂਧੀਵਾਦੀ ਸਮਾਜ ਸੇਵੀ ਸ੍ਰੀ ਐੱਸ ਐਨ ਸੂਬਾ ਰਾਉ ਜੀ ਦੇ ਅਕਾਲ ਚਲਾਣੇ ਨਾਲ ਨੌਜਵਾਨ ਵਰਗ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ।

ਐਨ ਐਸ ਐਸ ਦੇ ਪੁਰਾਣੇ ਵਲੰਟੀਅਰ ਯੂਥ ਕਲੱਬਾਂ ਦੇ ਅਹੁਦੇਦਾਰ ਨਹਿਰੂ ਯੁਵਾ ਕੇਂਦਰ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਸੋਸ਼ਲਿਸਟ ਪਾਰਟੀ ਇੰਡੀਆ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ।

ਦੱਸ ਦੇਈਏ ਕਿ ਡਾਕਟਰ ਸੁਬਾਰਾਓ ਨੇ ਗਾਂਧੀ ਸੇਵਾ ਆਸ਼ਰਮ ਜੌੜਾ (ਮੱਧ ਪ੍ਰਦੇਸ਼) ਵਿਖੇ ਚੰਬਲ ਘਾਟੀ ਦੇ 654 ਡਾਕੂਆਂ ਤੋਂ ਸਮੂਹਿਕ ਆਤਮ ਸਮਰਪਣ ਕਰਵਾਇਆ ਸੀ। ਜਿਸ ਤੋਂ ਬਾਅਦ ਉਹ ਸੁਰਖੀਆਂ ‘ਚ ਆ ਗਏ ਸਨ।

ਇੰਨਾ ਹੀ ਨਹੀਂ ਡਾ: ਸੁਬਾਰਾਓ ਨੇ ਗਾਂਧੀ ਸੇਵਾ ਆਸ਼ਰਮ ਜੌੜਾ ਦੀ ਨੀਂਹ ਰੱਖੀ ਸੀ, ਜੋ ਲਗਾਤਾਰ ਗਰੀਬਾਂ ਅਤੇ ਬੱਚਿਆਂ ਦੀ ਮਦਦ ਕਰਨ ‘ਚ ਲੱਗਾ ਹੋਇਆ ਹੈ।

ਟੀਵੀ ਪੰਜਾਬ ਬਿਊਰੋ