ਡੈਸਕ- ਪੰਜਾਬ ਵਿੱਚ ਸਰਕਾਰੀਂ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ ਹੈ। PRTC-ਪਨਬੱਸ ਨੇ ਇੱਕ ਵਾਰ ਫਿਰ ਜਾਮ ਕਰ ਦਿੱਤਾ ਹੈ। ਅੱਜ ਸੂਬੇ ਵਿੱਚ ਕਈ ਥਾਵਾਂ ’ਤੇ ਰੋਡਵੇਜ਼ ਦੀਆਂ ਬੱਸਾਂ ਨਹੀਂ ਚੱਲ ਰਹੀਆਂ। ਇਹ ਜਾਣਕਾਰੀ PRTC ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਡਿਪੂ ਹੈੱਡ ਜਤਿੰਦਰ ਸਿੰਘ ਨੇ ਦਿੱਤੀ।
ਦਰਅਸਲ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਮੀਟਿੰਗਾਂ ਦਾ ਸਮਾਂ ਲਗਾਤਾਰ ਵਧਾਏ ਜਾਣ ਤੋਂ ਰੋਡਵੇਜ਼ ਮੁਲਾਜ਼ਮ ਨਾਰਾਜ਼ ਹਨ। ਉਨ੍ਹਾਂ ਦੱਸਿਆ ਕਿ ਜਦੋਂ ਮੁਲਾਜ਼ਮਾਂ ਨੇ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਅਤੇ ਮੁੱਖ ਮੰਤਰੀ ਪੰਜਾਬ ਨੂੰ ਸਵਾਲ-ਜਵਾਬ ਕਰਨ ਲਈ ਕਿਹਾ ਤਾਂ ਪਟਿਆਲਾ ਪ੍ਰਸ਼ਾਸਨ ਨੇ 25 ਅਗਸਤ ਲਈ ਮੀਟਿੰਗ ਤੈਅ ਕੀਤੀ ਸੀ। ਇਸ ਤੋਂ ਬਾਅਦ 14 ਸਤੰਬਰ ਨੂੰ ਮੀਟਿੰਗ ਹੋਣੀ ਸੀ, ਹੁਣ ਤੀਜੀ ਵਾਰ ਮੀਟਿੰਗ 29 ਸਤੰਬਰ ਤੈਅ ਕੀਤੀ ਗਈ ਹੈ। PRTC ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਫ਼ਿਰੋਜ਼ਪੁਰ ਡਿਪੂ ਵਿਖੇ ਮੀਟਿੰਗ ਕੀਤੀ ਗਈ। ਇਸੇ ਮੀਟਿੰਗ ਵਿੱਚ 20 ਸਤੰਬਰ ਨੂੰ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ। ਕੱਚੇ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਹੜਤਾਲ ਕਾਰਨ ਬੱਸ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।