Site icon TV Punjab | Punjabi News Channel

UK ਜਾਣ ਵਾਲਿਆਂ ਲਈ ਵੱਡੀ ਖੁਸ਼ਬਰੀ, PSW ਵੀਜ਼ੇ ਲਈ ਸਰਕਾਰ ਨੇ ਕੀਤਾ ਨਵਾਂ ਐਲਾਨ

ਟੀਵੀ ਪੰਜਾਬ ਬਿਊਰੋ– ਕੋਰੋਨਾ ਮਹਾਮਾਰੀ ਦਰਮਿਆਨ ਯੂ. ਕੇ. ਸਰਕਾਰ ਨੇ ਪੋਸਟ-ਸਟੱਡੀ ਵਰਕ (ਪੀ. ਐੱਸ. ਡਬਲਿਊ.) ਵੀਜ਼ਾ ਵਿਚ ਵੱਡੀ ਰਾਹਤ ਦਿੱਤੀ ਹੈ। ਇਸ ਦਾ ਸਭ ਤੋਂ ਵੱਧ ਫਾਇਦਾ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ।

ਪੀ. ਐੱਸ. ਡਬਲਿਊ. ਵੀਜ਼ਾ ਦੇ ਤਹਿਤ ਯੂ. ਕੇ. ਗਏ ਵਿਦੇਸ਼ੀ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਉਪਰੰਤ ਦੋ ਸਾਲ ਤੱਕ ਇੱਥੇ ਕੰਮ ਕਰ ਸਕਣਗੇ ਜਾਂ ਕੰਮ ਦੀ ਭਾਲ ਕਰ ਸਕਦੇ ਹਨ। ਪੀ. ਐੱਸ. ਡਬਲਿਊ. ਵੀਜ਼ਾ ਤਹਿਤ ਯੋਗਤਾ ਪ੍ਰਾਪਤ ਕਰਨ ਦੀ ਸੀਮਾ 27 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਨੂੰ ਪਿਛਲੇ ਸਾਲ ਯੂ. ਕੇ. ਦੀ ਗ੍ਰਹਿ ਮੰਤਰੀ ਪਟੇਲ ਨੇ ਸ਼ੁਰੂ ਕੀਤਾ ਸੀ। ਪਿਛਲੇ ਕੁਝ ਸਾਲਾਂ ਵਿਚ ਬ੍ਰਿਟਿਸ਼ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਲੋਕ ਹਨ।

ਲਾਕਡਾਊਨ ਕਾਰਨ ਪਹਿਲਾਂ ਇਸ ਦੀ ਸੀਮਾ 21 ਜੂਨ ਤੱਕ ਸੀ। ਪਿਛਲੇ ਹਫ਼ਤੇ ਹੀ ਗ੍ਰਹਿ ਮੰਤਰਾਲਾ ਨੇ ਇਹ ਸੀਮਾ 27 ਸਤੰਬਰ ਤੱਕ ਵਧਾ ਦਿੱਤੀ ਹੈ। ਬ੍ਰਿਟੇਨ ਨੇ ਕੋਰੋਨਾ ਕਾਰਨ 23 ਅਪ੍ਰੈਲ ਤੋਂ ਭਾਰਤੀ ਯਾਤਰੀਆਂ ‘ਤੇ ਪਾਬੰਦੀ ਲਾਈ ਹੋਈ ਸੀ।

‘ਪੋਸਟ ਸਟੱਡੀ ਵਰਕ ਵੀਜ਼ਾ’ ਵਿਚ ਰਾਹਤ ਲਈ ਸੰਘਰਸ਼ ਕਰਨ ਵਾਲੇ ‘ਦਿ ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਐਲੂਮਨੀ ਯੂਨੀਅਨ ਯੂ. ਕੇ. ਦੀ ਪ੍ਰਧਾਨ ਸਨਮ ਅਰੋੜਾ ਨੇ ਕਿਹਾ, ”ਸਾਨੂੰ ਖ਼ੁਸ਼ੀ ਹੈ ਕਿ ਗ੍ਰਹਿ ਮੰਤਰਾਲਾ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਹੈ ਅਤੇ ਇਸ ਨਾਲ ਕਈ ਵਿਦਿਆਰਥੀਆਂ ਨੂੰ ਬਹੁਤ ਮਦਦ ਮਿਲੇਗੀ, ਜੋ ਅਜੇ ਭਾਰਤ ਵਿਚ ਕੋਵਿਡ ਦੀ ਸਥਿਤੀ ਨੂੰ ਦੇਖਦੇ ਹੋਏ ਯਾਤਰਾ ਕਰਨ ਵਿਚ ਅਸਮਰਥ ਹਨ।” 

ਗੌਰਤਲਬ ਹੈ ਕਿ ਬ੍ਰਿਟੇਨ ਦੀ ਤਤਕਾਲ ਗ੍ਰਹਿ ਮੰਤਰੀ ਟੈਰੀਜ਼ਾ ਦੇ ਕਾਰਜਕਾਲ ਵਿਚ ਦੋ ਸਾਲ ਪੋਸਟ ਸਟੱਡੀ ਵੀਜ਼ਾ ਬੰਦ ਕਰ ਦਿੱਤਾ ਗਿਆ ਸੀ। ਇਸ ਕਦਮ ਨਾਲ ਬ੍ਰਿਟੇਨ ਵਿਚ ਭਾਰਤ ਵਰਗੇ ਦੇਸ਼ਾਂ ਤੋਂ ਵਿਦਿਆਰਥੀਆਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਦੇਖੀ ਗਈ ਸੀ। ਇਕ ਰਿਪੋਰਟ ਮੁਤਾਬਕ, ਪਿਛਲੇ ਸਾਲ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਤਕਰੀਬਨ 55,000 ਭਾਰਤੀ ਵਿਦਿਆਰਥੀਆਂ ਨੇ ਦਾਖਲੇ ਲਏ ਸਨ।

Exit mobile version