ਇਕ ਲੱਖ ਤੋਂ ਵੱਧ ਇੰਤਕਾਲ ਕਰ ਕੇ ਜਲੰਧਰ ਨੇ ਸੂਬੇ ਭਰ ’ਚ ਸਭ ਤੋਂ ਘੱਟ ਪੈਂਡੈਂਸੀ ’ਚ ਹਾਸਲ ਕੀਤਾ ਮੋਹਰੀ ਸਥਾਨ

ਜਲੰਧਰ : ਜ਼ਿਲ੍ਹਾ ਜਲੰਧਰ ਨੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਜਾਇਦਾਦਾਂ ਦੇ ਵੱਧ ਤੋਂ ਵੱਧ ਇੰਤਕਾਲਾਂ ਅਤੇ ਸਭ ਤੋਂ ਘੱਟ ਪੈਂਡੇਸੀ ਨੂੰ ਯਕੀਨੀ ਬਣਾ ਕੇ ਸੂਬੇ ਭਰ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਧਿਕਾਰੀਆਂ ਵਲੋਂ 1,02973 ਇੰਤਕਾਲ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕੇਵਲ 1919 ਇੰਤਕਾਲ ਬਕਾਇਆ ਹਨ, ਜੋ ਕਿ ਕੁਲ ਕੇਸਾਂ ਦਾ 1.86 ਫੀਸਦ ਬਣਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਕਾਰਗੁਜ਼ਾਰੀ ਨੇ ਜਲੰਧਰ ਨੂੰ ਜਾਇਦਾਦਾਂ ਦੇ ਇੰਤਕਾਲਾਂ ਨੂੰ ਸਮੇਂ ਸਿਰ ਯਕੀਨੀ ਬਣਾਉਣ ਵਿੱਚ ਵਧੀਆ ਪ੍ਰਦਰਸ਼ਨ ਵਾਲਾ ਜ਼ਿਲ੍ਹਾ ਬਣਾ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਐਨਡੀਜੀਆਰਐਸ ਪ੍ਰਣਾਲੀ ਦੇ ਏਕਾਕ੍ਰਿਤ ਹੋਣ ਤੋਂ ਬਾਅਦ ਹੁਣ ਜਾਇਦਾਦ ਦੀ ਰਜਿਸਟਰੇਸ਼ਨ ਹੋਣ ਉਪਰੰਤ 45 ਦਿਨਾਂ ਦੇ ਵਿਚ ਇੰਤਕਾਲ ਦੀ ਰਜਿਸਟਰੇਸ਼ਨ ਹੋਣਾ ਲਾਜ਼ਮੀ ਹੈ।

ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਦੇ ਸ਼ੁਰੂ ਹੋਣ ਤੋਂ ਬਾਅਦ ਇਸ ਸਮਾਂ-ਸੀਮਾ ਦੇ ਅੰਦਰ ਮਾਲ ਅਧਿਕਾਰੀਆਂ ਵੱਲੋਂ ਇਕ ਲੱਖ ਤੋਂ ਵੱਧ ਇੰਤਕਾਲ ਦਰਜ ਕੀਤੇ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇੰਤਕਾਲ ਸਬੰਧੀ ਸਾਰੇ ਕੇਸਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਵਿਚ ਜ਼ੀਰੋ ਪੇਂਡੈਂਸੀ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਜਾਇਦਾਦ ਦੇ ਇੰਤਕਾਲਾਂ ਵਿਚ ਜ਼ੀਰੋ ਪੈਡੇਂਸੀ ਨੂੰ ਯਕੀਨੀ ਬਣਾਉਣ ਲਈ ਸੰਜੀਦਾ ਯਤਨ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਜਲੰਧਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਜ਼ੀਰੋ ਪੈਂਡੇਂਸੀ ਨੂੰ ਬਰਕਰਾਰ ਰੱਖਣ ਵਿਚ ਮੋਹਰੀ ਪੁਜ਼ੀਸ਼ਨ ਨੂੰ ਕਾਇਮ ਰੱਖਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਸਮੇਂ ਸਿਰ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਆਦਾਤਰ ਪੈਂਡਿੰਗ ਇੰਤਕਾਲ ਸਮਾਂ-ਸੀਮਾ ਦੇ ਅੰਦਰ ਹਨ ਅਤੇ 45 ਦਿਨਾਂ ਦੇ ਨਿਸ਼ਚਿਤ ਸਮੇਂ ਵਿਚ ਇਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਸਪਸ਼ਟ ਕਿਹਾ ਕਿ ਬਕਾਇਆ ਕੇਸਾਂ ਨੂੰ ਸਮੇਂ ਸਿਰ ਨਿਪਟਾਉਣ ਵਿਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਟੀਵੀ ਪੰਜਾਬ ਬਿਊਰੋ